ਸੰਗਰੂਰ: ਜ਼ਿਲ੍ਹੇ 'ਚ ਚਾਈਨਾ ਡੋਰ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਚਾਈਨਾ ਡੋਰ ਕਾਰਨ ਇੱਕ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਬੱਚਾ ਪਤੰਗ ਲੁੱਟਦਾ ਹੋਇਆ, ਇੱਕ ਤਲਾਬ 'ਚ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਚਾਈਨਾ ਡੋਰ ਦੀ ਵਿਕ੍ਰੀ ਤੇ ਇਸਤੇਮਾਲ 'ਤੇ ਪਾਬੰਦੀ ਲਾਈ ਗਈ ਹੈ।
ਮ੍ਰਿਤਕ ਬੱਚੇ ਦੀ ਪਛਾਣ 8 ਸਾਲਾ ਸੰਜੈ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਮਜ਼ਦੂਰ ਵਜੋਂ ਕੰਮ ਕਰਦੇ ਹਨ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬੱਚਾ ਘਰ 'ਚ ਹੀ ਖੇਡਦੇ ਹੋਏ ਅਚਾਨਕ ਘਰ ਤੋਂ ਬਾਹਰ ਪਤੰਗ ਲੁੱਟਣ ਲਈ ਚਲਾ ਗਿਆ। ਦੇਰ ਰਾਤ ਤੱਕ ਜਦ ਬੱਚਾ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੱਕ ਹੋਣ 'ਤੇ ਉਨ੍ਹਾਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪੁਲਿਸ ਦੀ ਮਦਦ ਨਾਲ ਦੋ ਦਿਨਾਂ ਬਾਅਦ ਨੇੜਲੇ ਪਾਣੀ ਦੇ ਤਲਾਬ ਚੋਂ ਬੱਚੇ ਦੀ ਲਾਸ਼ ਬਰਾਮਦ ਹੋਈ। ਜਦੋਂ ਉਸ ਦੀ ਲਾਸ਼ ਵੇਖੀ ਤਾਂ ਉਸ ਦੇ ਹੱਥਾਂ ਤੇ ਪੈਰਾਂ 'ਚ ਚਾਈਨਾ ਡੋਰ ਬੁਰੀ ਤਰ੍ਹਾਂ ਫਸੀ ਹੋਈ ਸੀ।ਮੁੱਢਲੀ ਤਫ਼ਤੀਸ਼ ਦੇ ਵਿੱਚ ਇਹੀ ਲੱਗ ਰਿਹਾ ਹੈ ਕਿ ਚਾਈਨਾ ਡੋਰ ਉਸ ਦੇ ਹੱਥਾਂ ਪੈਰਾਂ 'ਚ ਫਸਣ ਕਾਰਨ ਉਹ ਪਾਣੀ ਦੇ ਤਲਾਬ ਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜਿਆ ਗਿਆ। ਇਥੇ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਉਮਰ 8 ਸਾਲ ਹੈ। ਬੱਚੇ ਦੇ ਹੱਥਾਂ ਤੇ ਪੈਰਾਂ 'ਚ ਚਾਈਨਾ ਡੋਰ ਬੁਰੀ ਤਰ੍ਹਾਂ ਫਸੀ ਹੋਈ ਸੀ ਤੇ ਉਸ ਦੀ ਮੌਤ ਫੇਫੜੀਆਂ 'ਚ ਪਾਣੀ ਭਰ ਜਾਣ ਕਾਰਨ ਹੋਈ ਹੈ। ਉਕਤ ਡਾਕਟਰ ਨੇ ਸਥਾਨਕ ਲੋਕਾਂ ਨੂੰ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਮਨੁੱਖ, ਪੱਛੀਆਂ ਤੇ ਪਸ਼ੂਆਂ ਲਈ ਖ਼ਤਰਨਾਕ ਹੈ। ਕਿਉਂਕਿ ਇਸ ਦੀ ਲਪੇਟ 'ਚ ਆ ਕੇ ਕਈ ਲੋਕ ਤੇ ਪੱਛੀ ਗੰਭੀਰ ਜ਼ਖਮੀ ਹੋ ਜਾਂਦੇ ਹਨ।
ਦੱਸਣਯੋਗ ਹੈ ਕਿ ਸਰਕਾਰ ਵੱਲੋਂ ਚਾਈਨਾ ਡੋਰ ਦੀ ਵਿਕ੍ਰੀ ਤੇ ਇਸਤੇਮਾਲ 'ਤੇ ਪਾਬੰਦੀ ਲਾਈ ਗਈ ਹੈ, ਪਰ ਪਾਬੰਦੀ ਦੇ ਬਾਵਜੂਦ ਕੁੱਝ ਦੁਕਾਨਦਾਰ ਮੁਨਾਫਾ ਕਮਾਉਣ ਲਈ ਚਾਈਨਾ ਡੋਰ ਵੇਚਦੇ ਹਨ।