ਸੰਗਰੂਰ: ਦੇਸ਼ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 'ਤੇ ਵੱਖ ਵੱਖ ਢੰਗ ਨਾਲ ਲੋਕ ਇਸ ਨੂੰ ਮਨਾ ਰਹੇ ਹਨ। ਇਸ ਮੌਕੇ ਜਿੱਥੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਉਥੇ ਹੀ ਸੰਗਰੂਰ ਵਿੱਚ ਲੋਕਾਂ ਵੱਲੋਂ 550 ਦੀਵੇ ਜਗਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਅਤੇ ਬਾਬਾ ਨਾਨਕ ਦੇ ਉਪਦੇਸ਼ਾਂ ਦਾ ਸੰਚਾਰ ਕੀਤਾ ਗਿਆ।
ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਧਰਮ ਦੇ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕਾਂ ਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਇੱਕ ਨਿਰਦੇਸ਼ਕ ਹਨ ਜੋ ਕਿ ਸਹੀ ਰਸਤਾ ਵਿਖਾਉਂਦੇ ਹਨ। ਇਸ ਮੌਕੇ ਸਭ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈਵਾਲਤਾ ਦੇ ਸੰਦੇਸ਼ ਨੂੰ ਅੱਗੇ ਵਧਾਇਆ।
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 'ਤੇ ਲੋਕ ਭਾਈਵਾਲਤਾ ਦੇ ਨਾਲ ਇੱਕ ਹੋ ਕੇ ਚੰਗੇ ਰਸਤੇ 'ਤੇ ਚੱਲਣ ਦੇ ਸੁਨੇਹੇ ਨੂੰ ਵੀ ਅੱਗੇ ਵਧਾ ਰਹੇ ਹਨ। ਜਿਸ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਵੀ ਆਪਣੀ ਸੋਚ ਉਪਦੇਸ਼ਾਂ ਅਤੇ ਚੰਗੀ ਸਿੱਖਿਆ ਨਾਲ ਲੋਕਾਂ ਦੇ ਜੀਵਨ ਨੂੰ ਨਿਹਾਲ ਕਰ ਰਹੇ ਹਨ।