ਪਟਿਆਲਾ: ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਹੋ ਚੁੱਕਿਆਂ ਹਨ। ਪਹਿਲੀ ਵਾਰ ਨਗਰ ਕੌਂਸਲ ਚੋਣਾਂ ਵਿੱਚ ਚਾਰੋ ਸਿਆਸੀ ਪਾਰਟੀਆਂ ਮੈਦਾਨ ਵਿੱਚ ਹਨ। ਜਿਸ ਵਿੱਚ ਅਕਾਲੀ ਦਲ, ਕਾਂਗਰਸ, ਆਪ ਅਤੇ ਬੀਜੇਪੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਨਾਭਾ ਵਿਖੇ ਜਦੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ ਤਾਂ ਕਿਸਾਨਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਅਸੀਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰਾਂਗੇ। ਦੂਜੇ ਪਾਸੇ ਇਸ ਮਾਹੌਲ ਨੂੰ ਵੇਖਦੇ ਪੁਲਿਸ ਨੇ ਪੁਖ਼ਤਾ ਇੰਤਜ਼ਾਮ ਕਰ ਕੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ। ਬੀਜੇਪੀ ਦੇ ਪੰਜਾਬ ਦੇ ਬੁਲਾਰੇ ਅਤੇ ਨਾਭਾ ਦੇ ਅਬਜ਼ਰਬਰ ਭੁਪੇਸ਼ ਅਗਰਵਾਲ ਨੇ ਕਿਹਾ ਕਿ ਅਸੀਂ ਹਰ ਹਾਲਾਤ ਵਿੱਚ ਚੋਣਾਂ ਲੜਾਂਗੇ ਭਾਵੇਂ ਸਾਡੇ ਨੂੰ ਗੋਲੀਆਂ ਕਿਉਂ ਨਾ ਖਾਣੀਆਂ ਪੈਣ।
ਕਿਸਾਨਾਂ ਨੂੰ ਜਦੋਂ ਗੱਲ ਦੀ ਭਿਣਕ ਲੱਗੀ ਕਿ ਅੱਜ ਬੀਜੇਪੀ ਦੇ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਐਸਡੀਐਮ ਕਮ ਰਿਟਰਨਿੰਗ ਅਫ਼ਸਰ ਕੋਲ ਪਹੁੰਚਣਗੇ ਤਾਂ ਕਿਸਾਨ ਯੂਨੀਅਨ ਉਗਰਾਹਾਂ ਦੇ ਸੈਂਕੜੇ ਆਗੂਆਂ ਨੇ ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਬੀਜੇਪੀ ਦੇ ਆਗੂਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਾਭਾ ਦੇ ਡੀਐਸਪੀ ਰਾਜੇਸ਼ ਛਿੱਬੜ ਨੇ ਕਿਹਾ ਕਿ ਸਾਡੇ ਵੱਲੋਂ ਪੁਖਤਾ ਇੰਤਜ਼ਾਮ ਹਨ ਅਤੇ ਕਾਨੂੰਨ ਕਿਸੇ ਨੂੰ ਵੀ ਹੱਥ ਵਿੱਚ ਲੈਣ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਧੁੱਗਾ ਅਤੇ ਕਿਸਾਨ ਆਗੂ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਨਾਲ ਮਤਰੇਆ ਵਿਵਹਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਬੀਜੇਪੀ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਅਤੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਬੀਜੇਪੀ ਦੇ ਆਗੂ ਜੇਕਰ ਚੋਣ ਕੰਪੇਨ ਕਰਨਗੇ ਅਸੀਂ ਕਿਸੇ ਵੀ ਹਾਲ ਵਿੱਚ ਨਹੀਂ ਕਰਨ ਦਿਆਂਗੇ ਭਾਵੇਂ ਸਾਡੇ ਉੱਪਰ ਪ੍ਰਸ਼ਾਸਨ ਗੋਲੀਆਂ ਹੀ ਵਰ੍ਹਾ ਦੇਵੇ ਅਸੀਂ ਪਿੱਛੇ ਨਹੀਂ ਹਟਾਂਗੇ।