ਪਟਿਆਲਾ: ਬੇਰੁਜ਼ਗਾਰ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਵੀ ਉਨ੍ਹਾਂ ਦਾ ਸਾਥ ਦੇਣ ਪਹੁੰਚੇ। ਇਸ ਮੌਕੇ ਜਿਥੇ ਪੰਜਾਬ ਪੁਲਿਸ ਵਲੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਜਬਰੀ ਖਿੱਚ ਧੂਹ ਕਰਦਿਆਂ ਬੱਸਾਂ 'ਚ ਥਾਣੇ ਲਿਜਾਇਆ ਗਿਆ, ਉਥੇ ਹੀ ਵਿਧਾਇਕਾ ਬਲਜਿੰਦਰ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾ ਦਾ ਕਹਿਣਾ ਕਿ ਉਹ ਆਪਣੇ ਹੱਕਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਮਹਿਜ਼ ਲਾਰੇ ਹੀ ਮਿਲਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਕਈ ਵਾਰ ਮੀਟਿੰਗ ਹੋਈ ਪਰ ਕੋਈ ਵੀ ਨਤੀਜ਼ਾ ਸਾਹਮਣੇ ਨਹੀਂ ਆਇਆ। ਅਧਿਆਪਕਾ ਦਾ ਕਹਿਣਾ ਕਿ ਜਦੋਂ ਉਹ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਹਨ ਤਾਂ ਪੁਲਿਸ ਵਲੋਂ ਵੀ ਉਨ੍ਹਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਕਿ ਪੁਰਸ਼ ਮੁਲਾਜ਼ਮਾਂ ਵਲੋਂ ਮਹਿਲਾ ਅਧਿਆਪਕਾਵਾਂ ਨਾਲ ਖਿੱਚ ਧੂਹ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਕਿ ਜਿਵੇ ਹੱਕ ਮੰਗਣ 'ਤੇ ਸਾਨੂੰ ਲਾਠੀਆਂ ਮਿਲਦੀਆਂ ਹਨ, ਉਵੇਂ ਹੀ ਵੋਟਾਂ ਮੰਗਣ ਆਏ ਲੀਡਰਾਂ ਨੂੰ ਵੀ ਲਾਠੀਆਂ ਹੀ ਮਿਲਣਗੀਆਂ।
ਇਸ ਸਬੰਧੀ ਵਿਧਾਇਕਾ ਬਲਜਿੰਦਰ ਕੌਰ ਦਾ ਕਹਿਣਾ ਕਿ ਸਰਕਾਰ ਵਲੋਂ ਇੰਨਾਂ ਨੂੰ ਲਾਰੇ ਹ ਲਿਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਅਧਿਆਪਕ ਆਪਣੀਆਂ ਜਾਇਜ਼ ਮੰਗਾਂ ਕਾਰਨ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨਸਭਾ ਚੋਣਾਂ 'ਚ ਕੈਪਟਨ ਸਰਕਾਰ ਨੂੰ ਇਸਦੇ ਨਤੀਜ਼ੇ ਭੁਗਤਣੇ ਪੈਣਗੇ।