ਪਟਿਆਲਾ: ਸ਼ਹਿਰ ਦਾ ਦੇਵੀਗੜ੍ਹ ਰੋਡ ਜੋ ਕਿ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲਾ ਇਕਲੌਤਾ ਪੁੱਲ ਹੈ। ਇਸ ਪੁੱਲ ਦੀ ਥਾਂ ਨਵੇਂ ਪੁੱਲ ਦੀ ਉਸਾਰੀ ਕੀਤੀ ਜਾਣ ਦੇ ਚਲਦੇ ਪੁਰਾਣੇ ਪੁੱਲ ਨੂੰ ਤੋੜ ਦਿੱਤਾ ਗਿਆ ਹੈ। ਇਸ ਕਾਰਨ ਇਥੇ ਆਵਾਜਾਈ ਪ੍ਰਭਾਵਤ ਹੋ ਰਹੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕੁੱਝ ਮਹੀਨਿਆਂ 'ਚ ਨਵਾਂ ਪੁੱਲ ਤਿਆਰ ਕਰਨ ਲਈ ਪੁਰਾਣਾ ਪੁੱਲ ਤੋੜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਨੌਰੀ ਅੱਡੇ ਨੇੜਲੇ ਪਿੰਡਾਂ ਦੇ ਕਈ ਲੋਕ ਇਥੇ ਦੁਕਾਨਦਾਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਪੁਰਾਣਾ ਪੁੱਲ ਤੋੜ ਦਿੱਤੇ ਜਾਣ ਕਾਰਨ ਲੋਕਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਕੱਚੀ ਸੜਕ ਦੀ ਵਰਤੋਂ ਕਰਨੀ ਪੈਂਦੀ ਹੈ। ਕੱਚੀ ਸੜਕ ਕਾਰਨ ਮੀਂਹ ਦੇ ਸਮੇਂ ਇਥੇ ਕਈ ਹਾਦਸੇ ਵਾਪਰਦੇ ਹਨ ਤੇ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਲੰਮਾ ਸਮਾਂ ਬੀਤ ਜਾਣ ਮਗਰੋਂ ਵੀ ਇਥੇ ਨਵਾਂ ਪੁੱਲ ਤਿਆਰ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਵਾਂ ਪੁੱਲ ਬਣਨ 'ਚ ਸਮਾਂ ਲਗਦਾ ਹੈ ਤਾਂ ਇਥੇ ਇੱਕ ਅਸਥਾਈ ਪੁੱਲ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਆਵਾਜਾਈ ਲਈ ਮੁਸ਼ਕਲ ਨਾ ਹੋਵੇ। ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਕੋਲੋਂ ਜਲਦ ਤੋਂ ਜਲਦ ਇਸ ਨਵੇਂ ਪੁੱਲ ਦੀ ਉਸਾਰੀ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।