ਪਟਿਆਲਾ: ਫਰੰਟ ਲਾਇਨ ਵਰਕਰਾਂ ਦੇ ਕੋਵਿਡ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਆਪਣਾ ਕੋਵਿਡ ਟੀਕਾਕਰਨ ਕਰਵਾ ਕੇ ਕੀਤੀ ਗਈ। ਉਨ੍ਹਾਂ ਇਸ ਮੌਕੇ ਟੀਕਾਕਰਣ ਲਈ ਸਮੂਹ ਫਰੰਟ ਲਾਇਨ ਵਰਕਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਤਹਿਤ ਅਰਧ ਸੁਰੱਖਿਆ ਬਲਾਂ, ਪੁਲਿਸ ਅਤੇ ਮਾਲ ਵਿਭਾਗ ਦੇ ਕਰਮੀਆਂ ਨੂੰ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਟੀਕਾਕਰਨ ਕਰਵਾਉਣ ਵਾਲੇ ਜ਼ਿਲ੍ਹਾ ਅਧਿਕਾਰੀਆਂ 'ਚ ਵਧੀਕ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ, ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।
ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਵੀ ਅੱਜ ਦੂਜੇ ਪੜਾਅ ਦੇ ਮੋਹਰੀ ਅਧਿਕਾਰੀਆਂ ਵਜੋਂ ਕੋਵਿਡ ਤੋਂ ਬਚਾਅ ਦਾ ਟੀਕਾਕਰਨ ਕਰਵਾਇਆ। ਉਨ੍ਹਾਂ ਦੱਸਿਆ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਸਮੁੱਚੀ ਪੁਲਿਸ ਫੋਰਸ ਨੂੰ ਟੀਕਾਕਰਨ ਵਾਸਤੇ ਉਤਸ਼ਾਹਿਤ ਕਰਨ ਲਈ ਸਭ ਤੋਂ ਪਹਿਲਾਂ ਖੁਦ ਦਾ ਟੀਕਾਕਰਨ ਕਰਵਾ ਕੇ ਸਮੂਹ ਪੁਲਿਸ ਬਲਾਂ ਨੂੰ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਆਪਣੇ ਸਮੁੱਚੇ ਜੁਆਨਾਂ ਅਤੇ ਅਧਿਕਾਰੀਆਂ ਦਾ ਟੀਕਾਕਰਨ ਕਰਵਾਇਆ ਜਾਵੇਗਾ ਤਾਂ ਕਿ ਫਰੰਟ ਲਾਇਨ ਵਰਕਰਾਂ ਨੂੰ ਇਸ ਬਿਮਾਰੀ ਨਾਲ ਲੜਨ ਦੇ ਸਮਰੱਥ ਬਣਾਇਆ ਜਾ ਸਕੇ।