ਪਟਿਆਲਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਖ਼ਦ ਮੁੱਖ ਮੰਤਰੀ ਦੇ ਸ਼ਹਿਰ 'ਚ ਹੀ ਝੂਠੇ ਪੈਂਦੇ ਨਜ਼ਰ ਆ ਰਹੇ ਹਨ। ਪਟਿਆਲਾ ਦੇ ਸਫਾਵਾਦੀ ਗੇਟ ਮੁੱਹਲੇ ਦੇ ਲੋਕ ਇਲਾਕੇ 'ਚ ਵਿਕਾਸ ਕਾਰਜ ਪੂਰੇ ਨਾ ਹੋਣ, ਪਾਣੀ ਦੀ ਸਹੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਬੇਹਦ ਪਰੇਸ਼ਾਨ ਹਨ।
ਇਲਾਕਾ ਵਾਸੀਆਂ ਨੇ ਆਪਣੀ ਮੁਸ਼ਕਲਾਂ ਈਟੀਵੀ ਭਾਰਤ ਨਾਲ ਸਾਂਝੀਆਂ ਕਰਦੇ ਹੋਏ ਕਿਹਾ ਕਿ ਮਾਨਸੂਨ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਪਰ ਇਲਾਕੇ ਦੇ ਲੋਕ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜ਼ਬੂਰ ਹਨ। ਲੋਕਾਂ ਨੇ ਦੱਸਿਆ ਕਿ ਇਲਾਕੇ 'ਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗੱਲੀਆਂ 'ਚ ਪਾਣੀ ਇੱਕਠਾ ਹੋ ਜਾਂਦਾ ਹੈ।
ਇਸ ਨਾਲ ਗੰਦਗੀ ਤੇ ਫੈਲਦੀ ਹੈ ਤੇ ਲੰਬੇ ਸਮੇਂ ਤੱਕ ਪਾਣੀ ਜਮ੍ਹਾਂ ਹੋਣ ਕਾਰਨ ਡੇਂਗੂ ਤੇ ਮਲੇਰੀਆ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰਾਂ ਤੋ ਬਾਹਰ 5-5 ਫੁੱਟ ਦੀਆਂ ਕੰਧਾਂ ਬਣਵਾ ਲਈਆਂ ਹਨ ਤਾਂ ਜੋ ਗੰਦਾ ਪਾਣੀ ਉਨ੍ਹਾਂ ਦੇ ਘਰਾਂ 'ਚ ਦਾਖਲ ਨਾ ਹੋ ਸਕੇ। ਇਲਾਕਾ ਵਾਸੀਆਂ ਨੇ ਦੱਸਿਆ ਕਿ ਮੀਂਹ ਦੇ ਦਿਨਾਂ 'ਚ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁਹੱਲੇ ਵਿੱਚ ਰਹਿਣ ਵਾਲੇ ਲੋਕਾਂ ਮੁਤਾਬਕ ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਹੈ, ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਾ ਲਈ। ਸਥਾਨਕ ਲੋਕ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ।