ਪਟਿਆਲਾ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨੇ ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਨਾਲ ਰੁਬਰੂ ਹੁੰਦੇ ਹੋਏ ਕੋਟਕਪੂਰਾ ਗੋਲੀਕਾਂਡ ਮਾਮਲੇ ਤੇ ਬਹਿਬਲ ਕਲਾਂ ਮਾਮਲੇ ਨੂੰ ਲੈ ਕੇ ਉਨ੍ਹਾਂ ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਕਈ ਸਵਾਲ ਚੁੱਕੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਦੋ ਮੁੱਦਿਆਂ ’ਤੇ ਬਣੀ ਸੀ। ਪਹਿਲਾ ਮੁੱਦਾ ਸੀ ਬਹਿਬਲਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਦੂਜਾ ਪੰਜਾਬ ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦਾ ਮੁੱਦਾ ਸੀ। ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਇਨ੍ਹਾਂ ਦੋਹਾਂ ਮੁੱਦਿਆਂ ’ਤੇ ਫੇਲ੍ਹ ਹੋਈ ਹੈ। ਲੋਕਾਂ ਨੇ ਜਿਸ ਭਰੋਸੇ ਨਾਲ ਸਰਕਾਰ ਚੁਣੀ ਸੀ, ਉਸ ਨੂੰ ਜਿੱਤਣ 'ਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਨਾਕਾਮ ਹੋਈ ਹੈ। ਇਸ ਕਾਰਨ ਲੋਕਾਂ ਦੀ ਆਸ ਹੁਣ ਟੁੱਟ ਚੁੱਕੀ ਹੈ।
ਸਰਕਾਰ ਨੂੰ ਆਪਣੇ ਕਾਰਜਕਾਲ ਦੌਰਾਨ ਚਾਹੀਦਾ ਸੀ ਕਿ ਬੇਅਦਬੀ ਮਾਮਲੇ 'ਚ ਬਣਾਈ ਗਈ ਐਸਆਈਟੀ ਦੀ ਰਿਪੋਰਟ ਨੂੰ ਜਨਤਕ ਕਰਦੀ ਜਿਸ ਨਾਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੁੰਦੀ, ਪਰ ਅਫਸੋਸ ਅਜਿਹਾ ਨਹੀਂ ਹੋਇਆ ਤੇ ਐਸਆਈਟੀ ਹੀ ਭੰਗ ਕਰ ਦਿੱਤੀ ਗਈ ਤੇ ਉਸ ਦੇ ਮੁਖੀ ਅਫਸਰ ਨੂੰ ਹੀ ਪਾਸੇ ਕਰ ਦਿੱਤਾ ਗਿਆ।
ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਚ ਸਰਕਾਰ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਪਰ ਸਰਕਾਰ ਸੱਚ ਨਹੀਂ ਸੁਣਨਾ ਚਾਹੁੰਦੀ । ਇਹ ਇੱਕ ਕਾਰਨ ਹੈ ਜਿਸ ਕਰਕੇ ਲੋਕਾਂ ਦਾ ਵਿਸ਼ਵਾਸ ਖ਼ਤਮ ਹੋ ਗਿਆ ਹੈ।
ਬੇਅਦਬੀ ਮਾਮਲੇ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ 'ਚ ਵੀ ਦੋਸ਼ੀਆਂ ਦੇ ਨਾਂ ਦੱਸ ਕੇ ਗੰਭੀਰ ਅਪਰਾਧ ਹੋਣ ਦੀ ਗੱਲ ਕਹੀ ਗਈ ਸੀ। ਜਦੋਂ ਇਹ ਰਿਪੋਰਟ ਵਿਧਾਨ ਸਭਾ ’ਚ ਜਨਤਕ ਕੀਤੀ ਗਈ ਤਾਂ ਜਿਨ੍ਹਾਂ ’ਤੇ ਦੋਸ਼ ਲੱਗੇ, ਉਹ ਸਭਾ ਛੱਡ ਕੇ ਭੱਜ ਗਏ। ਇਸ ਦਾ ਮਤਾ ਵੀ ਪਾਸ ਹੋਇਆ। ਇਸ ਦੀ ਜਾਂਚ ਏਜੰਸੀ ਕੌਣ ਹੈ, ਕਿਸੇ ਦਾ ਨਾਂ ਕਿਉਂ ਸਾਹਮਣੇ ਨਹੀਂ ਆਇਆ। ਗੋਲ਼ੀਕਾਂਡ ’ਚ ਕੌਣ ਸੀ, ਇਹ ਤਾਂ ਸਭ ਜਾਣਦੇ ਹਨ। ਜਦੋਂ ਜੁਰਮ ਤੇ ਦੋਸ਼ੀ ਵੀ ਪਛਾਣੇ ਗਏ ਤਾਂ ਨਾਂ ਕਿਉਂ ਨਹੀਂ ਦੱਸ ਰਹੇ, ਇਹ ਸਮਝ ਤੋਂ ਪਰ੍ਹੇ ਹੈ।
ਸਿੱਧੂ ਨੇ ਕਿਹਾ ਕਿ ਵੱਡਾ ਸਵਾਲ ਹੈ ਕਿ ਗੋਲੀਕਾਂਡ ’ਚ ਹੁਕਮ 'ਤੇ ਫੈਸਲਾ ਸੁਣਾਉਣ ਵਾਲਾ ਕੌਣ ਹੈ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਅਤੇ ਐਸਆਈਟੀ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਹਾਲੇ ਤਕ ਅਣਪਛਾਤੇ ਕਿਉਂ ਹਨ। ਕੀ ਸਿਰਫ ਉਨ੍ਹਾਂ ਨੂੰ ਬਚਾਉਣ ਲਈ ਐਫਆਈਆਰ ਵਿੱਚ ਉਨ੍ਹਾਂ ਦਾ ਨਾਂ ਨਹੀਂ ਲਿਖਿਆ ਗਿਆ। ਸਿੱਧੂ ਨੇ ਕਿਹਾ ਕਿ ਕੇਸ ਦੀ ਬੁਨਿਆਦ ਹੀ ਨਹੀਂ ਰੱਖੀ ਗਈ। ਹੁਣ ਤਕ ਸਾਰੀਆਂ ਗੱਲਾਂ ਹਵਾ ’ਚ ਹਨ ਤੇ ਸਭ ਕੁਝ ਗੱਲਾਂ ਬਾਤਾਂ ਨਾਲ ਹੋ ਰਿਹਾ ਹੈ।