ਪਟਿਆਲਾ : ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ 'ਚ ਲਗਾਤਾਰ ਸਿਆਸਤ ਭੱਖਦੀ ਜਾ ਰਹੀ ਹੈ। ਕਈ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਭਰ ਵਿੱਚ 24 ਤੋਂ 26 ਸਤੰਬਰ ਤੱਕ ‘ਰੇਲ ਰੋਕੋ’ ਅੰਦੋਲਨ ਦਾ ਐਲਾਨ ਕੀਤਾ ਹੈ। ਪਟਿਆਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨੇ ਮੋਟਰਸਾਈਕਲ ਰੈਲੀ ਕੱਢ ਲੋਕਾਂ ਨੂੰ ਖੇਤੀ ਆਰਡੀਨੈਂਸਾਂ ਖਿਲਾਫ ਸਮਰਥਨ ਦੇਣ ਦੀ ਕੀਤੀ ਅਪੀਲ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਭਰ ਵਿੱਚ 24 ਤੋਂ 26 ਸਤੰਬਰ ਤੱਕ ‘ਰੇਲ ਰੋਕੋ’ ਅੰਦੋਲਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੀਕੇਯੂ ਏਕਤਾ ਉਗਰਾਹਾਂ ਕਿਸੇ ਵੀ ਸਿਆਸੀ ਆਗੂ ਨਾਲ ਆਪਣੇ ਰੋਸ ਪ੍ਰਦਰਸ਼ਨ ਦੀ ਸਟੇਜ ਸਾਂਝੀ ਨਹੀਂ ਕਰੇਗੀ। ਇਸ ਦੇ ਲਈ ਵੱਖਰੇ ਤੌਰ 'ਤੇ ਕਿਸਾਨ ਨਾਭਾ ਤੇ ਹੋਰਨਾਂ ਰੇਲਵੇ ਟਰੈਕ ਜਾਮ ਕਰਨਗੇ।
ਕਿਸਾਨਾਂ ਨੇ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਤੇ ਧੱਕੇਸ਼ਾਹੀ ਨਾਲ ਲਾਗੂ ਕੀਤੇ ਗਏ ਬਿੱਲ ਦੱਸਿਆ ਹੈ। ਕਿਸਾਨਾਂ ਨੇ ਕਿਹਾ ਕਿ ਤਿੰਨ ਦਿਨਾਂ ਤੋਂ ਬਾਅਦ 1 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਾਂ ਰੋਕਣ ਦਾ ਸਿਲਸਿਲਾ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਮੋਦੀ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰੀਕੇ ਇਹ ਖੇਤੀ ਆਰਡੀਨੈਂਸਾਂ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।