ਪਟਿਆਲਾ: ਪੰਜਾਬ 'ਚ ਕੋਰੋਨਾ ਪੌਜ਼ੀਟਿਵ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਤੱਕ ਸੂਬੇ 585 ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਆਦਾਤਰ ਕੋਰੋਨਾ ਪੌਜ਼ੀਟਿਵ ਮਾਮਲੇ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੇ ਕੇਸ ਪੌਜ਼ੀਟਿਵ ਆ ਰਹੇ ਹਨ, ਉੱਥੇ ਹੀ ਸ੍ਰੀ ਹਜ਼ੂਰ ਸਾਹਿਬ ਤੋਂ ਪਟਿਆਲਾ ਪਰਤੇ 24 ਸ਼ਰਧਾਲੂਆਂ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਪਾਈ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 95 ਸ਼ਰਧਾਲੂਆਂ ਤੇ ਉਨ੍ਹਾਂ ਨੂੰ ਲਿਆਉਣ ਗਏ ਬੱਸ ਸਟਾਫ ਸਣੇ ਕੁੱਲ 146 ਸੈਂਪਲ ਲਏ ਗਏ ਸਨ। ਇਨ੍ਹਾਂ ਚੋਂ 21 ਸ਼ਰਧਾਲੂ ਪਟਿਆਲਾ ਜ਼ਿਲ੍ਹੇ ਤੋਂ ਸਬੰਧਤ ਹਨ ਜਦਕਿ ਬਾਕੀ ਸ਼ਰਧਾਲੂ ਜਲੰਧਰ, ਗੁਰਦਾਸਪੁਰ ਤੇ ਸੰਗਰੂਰ ਜ਼ਿਲ੍ਹੇ ਦੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਲਈ ਭੇਜੇ ਗਏ ਕੁੱਲ 146 ਸੈਂਪਲਾਂ ਚੋਂ 122 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਇਨ੍ਹਾਂ ਚੋਂ 24 ਸ਼ਰਧਾਲੂਆਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਇਆਂ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜ਼ਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਭੇਜਿਆ ਜਾਵੇਗਾ।
ਪਟਿਆਲਾ ਤੋਂ ਇਲਾਵਾ ਰਾਜਪੁਰਾ ਵਿਖੇ ਹੋਏ ਕੋਵਿਡ-19 ਜਾਂਚ ਬਾਰੇ ਦੱਸਦੇ ਹੋਏ ਸਿਵਲ ਸਰਜਨ ਕਿਹਾ ਕਿ ਰਾਜਪੁਰਾ ਦਾ ਵਸਨੀਕ ਇੱਕ 63 ਸਾਲਾ ਵਿਅਕਤੀ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ ਹੈ। ਉਕਤ ਮਰੀਜ਼ ਮੁਹਾਲੀ ਦੇ ਫੌਰਟਿਸ ਹਸਪਤਾਲ 'ਚ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਦੇ ਕੋਰੋਨਾ ਪੀੜਤ ਇਸ ਵਿਅਕਤੀ ਦੇ ਸੰਪਰਕ 'ਚ ਆਉਂਣ ਵਾਲੇ 16 ਲੋਕਾਂ ਦੇ ਵੀ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਕੁੱਲ 1002 ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ਚੋਂ 86 ਮਾਮਲੇ ਕੋਰੋਨਾ ਪੌਜ਼ੀਟਿਵ ਆਈ ਹੈ ਤੇ 830 ਦੀ ਰਿਪੋਰਟ ਨੈਗੇਟਿਵ ਹਨ। ਇਸ ਤੋਂ ਇਲਾਵਾ ਅਜੇ ਤੱਕ 83 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਪੌਜ਼ੀਟਿਵ ਮਾਮਲਿਆਂ ਚੋਂ ਅਜੇ ਤੱਕ 2 ਲੋਕ ਸਿਹਤਯਾਬ ਹੋ ਚੁੱਕੇ ਹਨ ਜਦਕਿ ਇੱਕ ਪੀੜਤ ਦੀ ਮੌਤ ਹੋ ਚੁੱਕੀ ਹੈ।