ਪਟਿਆਲਾ: ਨਾਭਾ ਜੇਲ੍ਹ 'ਚ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ 'ਚ 5 ਦੋਸ਼ੀਆਂ ਨੂੰ ਨਾਭਾ ਦੀ ਅਦਾਲਤ ਵੱਲੋਂ 12 ਤਰੀਕ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਪਟਿਆਲਾ ਪੁਲਿਸ ਨੇ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ 'ਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਸ਼ੀਆਂ 'ਚ ਪਹਿਲਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਗੁਰਸੇਵਕ ਸਿੰਘ ਅਤੇ ਚਾਰ ਹੋਰ ਹਵਾਲਾਤੀ ਸ਼ਾਮਲ ਸਨ।
ਇਹ ਵੀ ਪੜ੍ਹੋ: ਮਹਿੰਦਰਪਾਲ ਕਤਲ ਮਾਮਲਾ: ਡੇਰਾ ਸਮਰਥਕਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ
ਨਾਭਾ ਦੇ ਡੀ.ਐੱਸ.ਪੀ. ਦਾ ਕਹਿਣਾ ਹੈ ਕਿ ਇਹ ਮਾਮਲੇ ਦੀ ਜਾਂਚ ਪੁਰੀ ਹੋਣ ਤੋਂ ਬਾਅਦ ਟੀਮ ਵੱਲੋਂ ਹੀ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਇਨ੍ਹਾਂ ਦੋਸ਼ੀਆਂ ਨੂੰ 12 ਤਾਰੀਕ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮੌਕੇ ਜਸਪ੍ਰੀਤ ਸਿੰਘ ਉਰਫ ਨਿਹਾਲਾ ਜਿਸ ਮੁੱਖ ਸਾਜ਼ਿਸ਼ਕਾਰ ਮੰਨਿਆ ਜਾ ਰਿਹਾ ਹੈ ਦੀ ਮਾਂ ਦਾ ਕਹਿਣਾ ਹੈ ਕਿ ਮੇਰਾ ਬੇਟਾ ਤਾਂ ਮੇਕਸੀਮਮ ਜੇਲ੍ਹ ਵਿੱਚ ਬੰਦ ਸੀ ਜਦੋਂ ਕਿ ਕਤਲ ਨਵੀਂ ਜੇਲ੍ਹ ਵਿੱਚ ਹੋਇਆ ਤਾਂ ਫਿਰ ਉਹ ਦੋਸ਼ੀ ਕਿਵੇਂ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਨਾਭਾ ਦੀ ਨਵੀਂ ਬਣੀ ਜੇਲ੍ਹ ਵਿੱਚ ਪਿਛਲੇ ਦਿਨੀਂ ਡੇਰਾ ਸਿਰਸਾ ਨਾਲ ਜੁੜੇ ਆਗੂ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਕਰ ਦਿੱਤੀ ਗਈ ਸੀ। ਜੇਲ੍ਹ ਵਿੱਚ ਕੈਦੀਆਂ ਨੇ ਹੀ ਸਰੀਆ ਮਾਰ ਕੇ ਮਹਿੰਦਰਪਾਲ ਦਾ ਕਤਲ ਕੀਤਾ ਸੀ।