ਲੁਧਿਆਣਾ: ਕਹਿੰਦੇ ਨੇ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਜਿਸ ਕੋਲ ਕਲਾ ਹੁੰਦੀ ਹੈ ਉਹੀ ਜਾਣਦਾ ਹੈ ਕਿ ਉਸ ਦਾ ਅਸਲੀ ਮੁੱਲ ਕੀ ਹੈ। ਲੁਧਿਆਣਾ 'ਚ ਰਹਿਣ ਵਾਲਾ 15 ਸਾਲਾ ਲੱਕੀ ਆਪਣੀ ਕਲਾ ਦੇ ਨਾਲ ਹਰ ਕਾਰ ਦਾ ਮਾਡਲ ਬਣਾ ਲੈਂਦਾ ਹੈ, ਉਹ ਵੀ ਸਿਰਫ ਗੱਤੇ ਦੇ ਕੁਝ ਟੁਕੜਿਆਂ ਦੇ ਨਾਲ। ਲੱਕੀ ਦੀ ਕਾਬਲੀਅਤ ਨੂੰ ਵੇਖਦੇ ਹੋਏ ਯੂਥ ਅਕਾਲੀ ਦਲ ਵੱਲੋਂ ਲਕੀ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਉਸ ਦੀ ਆਰਥਿਕ ਮਦਦ ਵੀ ਕੀਤੀ ਗਈ।
ਲੱਕੀ ਨੇ ਦੱਸਿਆ ਕਿ ਉਹ ਗੱਤੇ ਦੇ ਨਾਲ ਕਈ ਗੱਡੀਆਂ ਦੇ ਮਾਡਲ ਹੁਣ ਤੱਕ ਬਣਾ ਚੁੱਕਿਆ ਹੈ। ਹੁਣ ਉਸ ਦਾ ਸੁਪਨਾ ਹੈ ਕਿ ਉਹ ਆਪਣੇ ਲਈ ਕੁੱਝ ਅਜਿਹੇ ਮਾਡਲ ਬਣਾਏ ਜੋ ਕਿ ਕਿਸੇ ਕਾਰ ਕੰਪਨੀ ਨੇ ਅੱਜ ਤਕ ਨਹੀਂ ਬਣਾਏ। ਹਾਲਾਂਕਿ ਗਰੀਬੀ ਹੋਣ ਕਰਕੇ ਉਹ ਅਗਲੀ ਪੜ੍ਹਾਈ ਨਹੀਂ ਕਰ ਪਾਇਆ ਪਰ ਯੂਥ ਅਕਾਲੀ ਦਲ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਕਰਵਾਉਣ ਦਾ ਭਰੋਸਾ ਦਿਤਾ ਗਿਆ ਹੈ।
ਦੂਜੇ ਪਾਸੇ ਲੱਕੀ ਦੇ ਘਰ ਪਹੁੰਚੇ ਲੁਧਿਆਣਾ ਦੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਬੱਚੇ ਵਿੱਚ ਟੈਲੇਂਟ ਤਾਂ ਬਹੁਤ ਹੈ ਪਰ ਆਰਥਿਕ ਤੰਗੀ ਹੋਣ ਕਰਕੇ ਬੱਚੇ ਨੂੰ ਪੜ੍ਹਾਈ ਆਪਣੇ ਅੱਧ ਵਿਚਾਲੇ ਹੀ ਛਡਣੀ ਪਈ। ਪਰ ਉਹ ਧੰਨਵਾਦੀ ਹੈ ਗੁਰਮੀਤ ਸਿੰਘ ਦਾ ਜਿਨ੍ਹਾਂ ਨੇ ਬੱਚੇ ਲਈ ਆਰਥਿਕ ਮਦਦ ਭੇਜੀ ਹੈ, ਗੋਸ਼ਾ ਨੇ ਕਿਹਾ ਕਿ ਬੱਚੇ ਦੀ ਅਗਲੇਰੀ ਪੜ੍ਹਾਈ ਯੂਥ ਅਕਾਲੀ ਦਲ ਪੂਰੀ ਕਰਵਾਏਗਾ।