ਲੁਧਿਆਣਾ: ਐੱਸਟੀਐੱਫ ਰੇਂਜ ਨੂੰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਇੱਕ ਵੱਡੀ ਕਾਮਯਾਬੀ ਉਦੋਂ ਹਾਸਲ ਕੀਤੀ ਜਦੋਂ ਇਕ ਏ.ਐਸ.ਆਈ ਸਮੇਤ ਤਿੰਨ ਮੁਲਜ਼ਮਾਂ ਨੂੰ ਨਸ਼ੇ ਦੀ ਸਪਲਾਈ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਟੀਮ ਨੂੰ ਇਨ੍ਹਾਂ ਕੋਲੋਂ ਸਾਢੇ ਤਿੰਨ ਕੁਇੰਟਲ ਦੇ ਕਰੀਬ ਭੁੱਕੀ ਬਰਾਮਦ ਹੋਈ ਹੈ, ਜਿਸ ਨੂੰ ਮੱਧ ਪ੍ਰਦੇਸ਼ ਤੋਂ ਲਿਆ ਕੇ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਸਪਲਾਈ ਕਰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਟੀ.ਐੱਫ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਉਨ੍ਹਾਂ ਵਲੋਂ ਸਮਰਾਲਾ ਬਾਈਪਾਸ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਜਾਂਚ ਟੀਮ ਨੂੰ ਗੱਡੀ 'ਚੋਂ ਵੱਡੀ ਮਾਤਰਾ 'ਚ ਭੁੱਕੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਏ.ਐਸ.ਆਈ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ 'ਚ ਇਕ ਮਹਿਲਾ ਵੀ ਸ਼ਾਮਲ ਹੈ।
ਉਨ੍ਹਾਂ ਨਾਲ ਹੀ ਦੱਸਿਆ ਕਿ ਉਕਤ ਕਾਬੂ ਕੀਤਾ ਏ.ਐੱਸ.ਆਈ ਰਜਿੰਦਰਪਾਲ ਸਿੰਘ ਜੋ ਕਿ ਡਾਬਾ ਥਾਣੇ 'ਚ ਤੈਨਾਤ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਉਹ ਲਗਪਗ ਇਕ ਸਾਲ ਤੋਂ ਨਸ਼ੇ ਦੀ ਸਪਲਾਈ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤਸਕਰੀ ਲਈ ਉਕਤ ਮੁਲਾਜ਼ਮ ਵਰਦੀ 'ਚ ਜਾਂਦਾ ਸੀ ਤਾਂ ਜੋ ਕਿਸੇ ਵੱਲੋਂ ਰੋਕਿਆ ਨਾ ਜਾ ਸਕੇ।
ਐੱਸ.ਟੀ.ਐੱਫ ਅਧਿਕਾਰੀ ਸਨੇਹਦੀਪ ਸ਼ਰਮਾ ਦਾ ਕਹਿਣਾ ਕਿ ਉਕਤ ਮੁਲਮ ਲੰਬੇ ਸਮੇਂ ਤੋਂ ਤਸਕਰੀ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਕਿ ਕਾਬੂ ਕੀਤੇ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ। ਉਨ੍ਹਾਂ ਕਿਹਾ ਕਿ ਜਾਂਚ ਟੀਮ ਵਲੋਂ ਮੁਲਜ਼ਮਾਂ ਦੀ ਜਾਇਦਾਦ ਸਬੰਧੀ ਬਿਉਰਾ ਇਕੱਠਾ ਕੀਤਾ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਨਸ਼ਾ ਤਸਕਰੀ ਨਾਲ ਕਿੰਨੀ ਪ੍ਰਾਪਰਟੀ ਇਨ੍ਹਾਂ ਵਲੋਂ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮਹਿਲਾ ਤਸਕਰ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।