ਲੁਧਿਆਣਾ: ਜ਼ਿਲ੍ਹੇ 'ਚ ਇੰਪਰੂਵਮੈਂਟ ਟਰੱਸਟ 'ਤੇ ਅੱਜ ਸਵੇਰੇ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿ,ਆ ਜਦੋਂ ਵਿਜੀਲੈਂਸ ਦੀ ਟੀਮ ਵੱਲੋਂ ਚੰਡੀਗੜ੍ਹ ਅਤੇ ਲੁਧਿਆਣਾ ਦੇ ਮੈਂਬਰਾਂ ਦੇ ਨਾਲ ਮਿਲ ਕੇ ਦਫਤਰ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇੰਪਰੂਵਮੈਂਟ ਟਰੱਸਟ ਦੀ ਐਗਜ਼ੀਕਿਊਟਿਵ ਅਫਸਰ ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸਵੇਰੇ 8 ਵਜੇ ਦੇ ਕਰੀਬ ਇਹ ਛਾਪੇਮਾਰੀ ਕੀਤੀ ਗਈ, ਇਸ ਦੌਰਾਨ ਦਸਤਾਵੇਜ਼ ਵੀ ਟੀਮ ਵੱਲੋਂ ਇਕੱਠੇ ਕੀਤੇ ਗਏ ਅਤੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਵਿਜੀਲੈਂਸ ਦੀ ਟੀਮ ਮੁਹਾਲੀ ਲੈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾਵੇਗੀ।
ਇਨ੍ਹਾਂ ਦੋਵਾਂ 'ਤੇ ਹੀ ਇਕ ਵਿਅਕਤੀ ਕੋਲੋਂ ਲੱਖਾਂ ਰੁਪਏ ਲੈਣ ਦੇ ਬਾਵਜੂਦ ਕੰਮ ਨਾ ਕਰਨ ਦੇ ਇਲਜ਼ਾਮ ਲੱਗੇ ਸਨ। ਇਹ ਕੁਲਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵੀ ਕਾਫੀ ਕਰੀਬੀ ਰਹੀ ਹੈ। ਛਾਪੇਮਾਰੀ ਤੋਂ ਬਾਅਦ ਪੂਰਾ ਦਫ਼ਤਰ ਖਾਲੀ ਹੋ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਪੰਜ ਲੱਖ ਰੁਪਏ ਰਿਸ਼ਵਤ ਲੈਣ ਦਾ ਇਹ ਪੂਰਾ ਮਾਮਲਾ ਹੈ।
ਹਾਲਾਂਕਿ ਇਸ ਦੀ ਅਧਿਕਾਰਕ ਤੌਰ 'ਤੇ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਸੀਐਮ ਦੇ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ 'ਤੇ ਇਸ ਸਬੰਧੀ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ।
ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਕਿ ਕੁਲਜੀਤ ਕੌਰ ਕਈ ਦਿਨਾਂ ਤੋਂ ਡਿਊਟੀ 'ਤੇ ਵੀ ਨਹੀਂ ਆ ਰਹੇ ਸੀ ਅਤੇ ਜਦੋਂ ਅੱਜ ਉਹ ਆਪਿਣੀ ਡਿਊਟੀ 'ਤੇ ਆਏ ਤਾਂ ਪੁਲਿਸ ਨੇ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਥੇ ਹੀ ਦੂਜੇ ਪਾਸੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ ਦੇ ਕਾਰਜਕਾਲ ਦੌਰਾਨ ਵੀ ਕਰੋੜਾਂ ਰੁਪਏ ਦੇ ਘੁਟਾਲੇ ਦੇ ਇਲਜ਼ਾਮ ਲੱਗੇ ਸਨ।
ਹਾਲਾਂਕਿ ਇਸ ਮਾਮਲੇ ਵਿਚ ਜਦੋਂ ਸਾਡੀ ਟੀਮ ਮੌਕੇ 'ਤੇ ਪਹੁੰਚੀ ਤਾਂ ਕਲਰਕ ਹਰਮੀਤ ਨੂੰ ਗੱਡੀ 'ਚ ਬਿਠਾ ਕੇ ਵਿਜੀਲੈਂਸ ਟੀਮ ਵੱਲੋਂ ਲਿਜਾਇਆ ਜਾ ਰਿਹਾ ਸੀ। ਵਿਜੀਲੈਂਸ ਦੀ ਟੀਮ ਨੂੰ ਵਾਰ ਵਾਰ ਮੀਡੀਆ ਕਰਮੀਆਂ ਵੱਲੋਂ ਪੁੱਛਿਆ ਗਿਆ ਕਿ ਆਖਰ ਮਾਮਲਾ ਕੀ ਹੈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਹਾਲੇ ਕਾਰਵਾਈ ਚੱਲ ਰਹੀ ਹੈ।
ਕਾਬਿਲੇਗੌਰ ਹੈ ਕਿ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਤਿੰਨ ਦਰਜਨ ਤੋਂ ਵੱਧ ਸਰਕਾਰੀ ਮੁਲਾਜ਼ਮਾਂ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜਿਸ ਵਿਚ ਇਕ ਸਬ ਇੰਸਪੈਕਟਰ, ਅੱਠ ਸਹਾਇਕ ਸਬ ਇੰਸਪੈਕਟਰ, ਤਿੰਨ ਹੌਲਦਾਰ, ਇੱਕ ਸਿਪਾਹੀ ਹੋਮਗਾਰਡ, ਦੋ ਪਟਵਾਰੀ, ਇੱਕ ਕਲਰਕ ਅਤੇ ਇੱਕ ਨੰਬਰਦਾਰ ਸ਼ਾਮਿਲ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦਾ ਨਹੀਂ ਸੀ ਕਿਸੇ ਗੈਂਗ ਨਾਲ ਸਬੰਧ, ਲਾਰੈਂਸ ਗਰੁੱਪ ਨੇ ਇਸ ਕਾਰਨ ਬਣਾਇਆ ਨਿਸ਼ਾਨਾ