ਲੁਧਿਆਣਾ : ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਜਿੱਥੇ ਕਈ ਸਮਾਜ ਸੇਵੀ ਤੇ ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਉਥੇ ਹੀ ਹੁਣ ਸਕੂਲੀ ਵਿਦਿਆਰਥੀ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਲੋੜਵੰਦ ਬੱਚਿਆਂ ਦੀ ਮਦਦ ਕਰ ਰਹੇ ਹਨ।
ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਲਗਾਤਾਰ ਕੋਰੋਨਾ ਵਾਇਰਸ ਨਾਲ ਲੜਨ ਲਈ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੋੜਵੰਦ ਤੇ ਗਰੀਬ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਦੁੱਗਰੀ ਇਲਾਕੇ ਦੇ ਇੱਕ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਅੱਗੇ ਆਈਆਂ ਹਨ। ਵਿਦਿਆਰਥੀਆਂ ਵੱਲੋਂ ਆਪਣੀਆਂ ਗੋਲਕਾਂ ਭੰਨ ਕੇ ਇੱਕਠੇ ਕੀਤੇ ਗਏ ਆਪਣੇ ਜੇਬ ਖ਼ਰਚੇ ਦੀ ਰਕਮ ਨਾਲ ਮਾਸਕ ਤੇ ਸੈਨੇਟਾਈਜ਼ਰ ਖ਼ਰੀਦ ਕੇ ਲੋੜਵੰਦ ਬੱਚਿਆਂ ਨੂੰ ਵੰਡੇ ਗਏ।
ਹੋਰ ਪੜ੍ਹੋ :ਚੰਡੀਗੜ੍ਹ: ਲੋੜਵੰਦ ਬੱਚਿਆਂ ਨੂੰ ਪੁਲਿਸ ਨੇ ਵੰਡੇ ਸੈਨੀਟਾਈਜ਼ਰ ਤੇ ਪੀਜ਼ਾ
ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਰੀਬ ਬੱਚਿਆਂ ਨੂੰ ਹੈਂਡ ਸੈਨੇਟਾਈਜ਼ਰ ਤੇ ਮਾਸਕ ਵੰਡੇ ਹਨ ਕਿਉਂਕਿ ਕੋਰੋਨਾ ਵਾਇਰਸ ਗੰਭੀਰ ਬਿਮਾਰੀ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ। ਉਨ੍ਹਾਂ ਨੇ ਅਧਿਆਪਕਾਂ ਦੀ ਮਦਦ ਨਾਲ ਲੋੜਵੰਦ ਬੱਚਿਆਂ ਨੂੰ ਕੋਰੋਨਾ ਵਾਇਰਸ ਸਬੰਧੀ ਬਚਾਅ ਕਰਨ, ਹੱਥ ਸੈਨੇਟਾਈਜ਼ ਰੱਖਣ ਤੇ ਘਰੋਂ ਬਾਹਰ ਜਾ ਕੇ ਨਾ ਖੇਡਣ ਦੀ ਅਪੀਲ ਕੀਤੀ।