ਲੁਧਿਆਣਾ: ਪੋਸਟ-ਮੈਟ੍ਰਿਕ ਸਕਾਲਰਸ਼ਿਪ 'ਚ ਹੋਏ ਕਥਿਤ ਘੁਟਾਲੇ ਨੂੰ ਲੈ ਕੇ ਸੰਤ ਸਮਾਜ ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਸ ਕਰਕੇ ਲੰਮਾ ਸਮਾਂ ਜਾਮ ਲੱਗਿਆ ਰਿਹਾ ਹੈ।
ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਮਾਮਲੇ ਅਤੇ ਹਾਥਰਸ ਦੀ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਵੱਲੋਂ ਅੱਜ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ। ਇਸ ਪ੍ਰਦਰਨ ਦੌਰਾਨ ਕੁਝ ਲੋਕ ਜ਼ਰੂਰ ਪ੍ਰੇਸ਼ਾਨ ਹੁੰਦੇ ਵਿਖਾਈ ਦਿੱਤੇ ਜਿਸ ਤੋਂ ਬਾਅਦ ਬੰਦ ਖੋਲ੍ਹ ਦਿੱਤਾ ਗਿਆ ਅਤੇ ਆਵਾਜਾਈ ਸ਼ੁਰੂ ਹੋ ਗਈ।
ਇਸ ਦੌਰਾਨ ਸਿਮਰਜੀਤ ਬੈਂਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਦੇਸ਼ ਵਿੱਚ ਕਾਨੂੰਨ ਵਿਵਸਥਾ ਪੂਰੀ ਤਰਾ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਉੱਤਰ ਪ੍ਰਦੇਸ਼ ਦੀ ਬੱਚੀ ਮਨੀਸ਼ਾ ਨਾਲ ਜੋ ਵਾਕਿਆ ਵਾਪਰਿਆ ਹਾਲੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਉਸ ਦਾ ਪਰਿਵਾਰ ਸਿਆਸਤ ਦਾ ਸ਼ਿਕਾਰ ਹੋ ਰਿਹਾ ਹੈ।
ਸਿਮਰਜੀਤ ਬੈਂਸ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਨੂੰ ਲੈ ਕੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਜਦੋਂ ਇੱਕ ਸੀਨੀਅਰ ਅਫਸਰ ਵੱਲੋਂ ਹੀ ਘੁਟਾਲਾ ਉਜਾਗਰ ਕਰ ਦਿਤਾ ਗਿਆ ਹੈ ਤਾਂ ਉਸ ਦੀ ਜਾਂਚ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਜਾਂਚ ਸਿਰਫ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇਣ ਲਈ ਹੀ ਕੀਤੀ ਗਈ ਸੀ। ਉਧਰ ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਹਜ਼ਾਰਾਂ ਬੱਚਿਆਂ ਦਾ ਵਜ਼ੀਫਾ ਘੁਟਾਲੇ ਦੀ ਭੇਂਟ ਚੜ੍ਹ ਗਿਆ ਅਤੇ ਉਨ੍ਹਾਂ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਜਿਸ ਕਰਕੇ ਸੰਤ ਸਮਾਜ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ।