ਲੁਧਿਆਣਾ: ਦੇਸ਼ ਜਲਦ ਹੀ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਹਾਲਾਤ ਕਾਫੀ ਖ਼ਰਾਬ ਹਨ। ਉੱਥੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਰੱਬ ਆਸਰੇ ਚੱਲ ਰਹੀ ਹੈ। ਇੱਥੇ ਲੋਕਾਂ ਦੇ ਬੈਗ-ਚੈਕਿੰਗ ਕਰਨ ਵਾਲੀ ਮਸ਼ੀਨ ਕਈ ਦਿਨਾਂ ਤੋਂ ਖ਼ਰਾਬ ਹੈ ਅਤੇ ਲੋਕ ਬਿਨਾਂ ਕਿਸੇ ਸੁਰੱਖਿਆ ਜਾਂਚ ਦੇ ਘੇਰੇ ਤੋਂ ਹੀ ਸਟੇਸ਼ਨ ਦੇ ਅੰਦਰ ਜਾ ਰਹੇ ਹਨ।
ਇਸ ਸਬੰਧੀ ਮੁਸਾਫ਼ਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਬਿਨ੍ਹਾਂ ਕਿਸੇ ਜਾਂਚ ਤੋਂ ਸਟੇਸ਼ਨ ਦੇ ਅੰਦਰ ਆਸਾਨੀ ਨਾਲ ਲੰਘ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੈਗ ਚੈੱਕ ਕਰਨ ਵਾਲੀ ਮਸ਼ੀਨ ਵੀ ਖ਼ਰਾਬ ਹੈ। ਲੋਕਾਂ ਨੇ ਕਿਹਾ ਕਿ ਸੁਰੱਖਿਆ ਦਾ ਘੇਰਾ ਵਧਾਉਣ ਦੀ ਸਖ਼ਤ ਲੋੜ ਹੈ। ਉੱਥੇ ਹੀ ਇਸ ਸਬੰਧੀ ਜੀਆਰਪੀ ਸੁਰੱਖਿਆ ਮੁਲਾਜ਼ਮ ਪ੍ਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ ਹਰ ਆਉਣ ਜਾਣ ਵਾਲੀ ਟਰੇਨ ਦੇ ਮੁਸਾਫਰਾਂ ਦੀ ਚੈਕਿੰਗ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਤੇ ਮਹਿਜ਼ ਅੱਠ ਕੈਮਰੇ ਹੀ ਕੰਮ ਕਰ ਰਹੇ ਹਨ, ਜਦਕਿ ਬਾਕੀ ਦੇ ਕੈਮਰੇ ਜ਼ਿਆਦਾ ਖ਼ਰਾਬ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਅਜਿਹੇ 'ਚ ਲੁਧਿਆਣਾ ਰੇਲਵੇ ਸਟੇਸ਼ਨ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।