ਲੁਧਿਆਣਾ: ਸੂਬੇ ਭਰ ’ਚ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਏ ਦਿਨ ਬੇਖੌਫ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਹੋਰ ਰੋਜ਼ ਅਪਰਾਧ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਫੋਕਲ ਪੁਆਇੰਟ ਤੋਂ ਸਾਹਮਣੇ ਆਇਆ ਹੈ ਜਿੱਥੇ ਫੈਕਟਰੀ ਚ ਬੰਦੂਕ ਦੀ ਨੋਕ ’ਤੇ 16 ਲੱਖ ਰੁਪਏ ਦੀ ਲੁੱਟ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਫੋਕਲ ਪੁਆਇੰਟ ਵਿਖੇ ਇਕ ਫੈਕਟਰੀ ਅੰਦਰ 6 ਮੁਲਜ਼ਮਾਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 16 ਲੱਖ ਰੁਪਏ ਕੈਸ਼ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ। ਸਾਰੇ ਹੀ ਮੁਲਜ਼ਮ ਮੋਟਰਸਾਈਕਲਾਂ ਤੇ ਆਏ ਸਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਚ ਕੁਝ ਨੌਜਵਾਨ ਮੋਟਰਸਾਈਕਲ ਤੇ ਸਵਾਰ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਲੁਟੇਰੇ ਪਹਿਲਾਂ ਫੈਕਟਰੀ ਅੰਦਰ ਦਾਖਲ ਹੋਏ ਅਤੇ ਫਿਰ ਗੰਨ ਪੁਆਇੰਟ ’ਤੇ ਸਾਰਾ ਕੈਸ਼ ਲੁੱਟ ਲਿਆ। ਉੱਥੇ ਹੀ ਉਨ੍ਹਾਂ ਵੱਲੋਂ ਇਕ ਰਾਊਂਡ ਫਾਇਰ ਵੀ ਕੀਤਾ ਗਿਆ ਸੀ। ਖੈਰ ਮੌਕੇ ’ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੀ ਜਾਂਚ ਲਈ ਪਹੁੰਚੇ ਹਨ।
ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 6 ਨੌਜਵਾਨ ਜਿਨ੍ਹਾਂ ਦੀ ਉਮਰ 18-20 ਸਾਲ ਦੇ ਵਿਚਕਾਰ ਹੋਵੇਗੀ। ਉਨ੍ਹਾਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਵੱਲੋਂ ਦੇਸੀ ਕੱਟੇ ਦਾ ਫਾਇਰ ਕਰਕੇ ਉਨ੍ਹਾਂ ਵੱਲੋਂ ਫੈਕਟਰੀ ਦੇ ਵਿਚ ਪਿਆ ਕੈਸ਼ ਆਪਣੇ ਨਾਲ ਲੈ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਕੈਸ਼ ਫੈਕਟਰੀ ਦੇ ਅੰਦਰ ਮੁਲਾਜ਼ਮਾਂ ਦੀ ਤਨਖਾਹਾਂ ਲਈ ਰੱਖਿਆ ਗਿਆ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਵੀ ਚੈਕਿੰਗ ਹੋ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਰੰਜਿਸ਼ ਦੇ ਚੱਲਦਿਆ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ