ਲੁਧਿਆਣਾ: ਪੰਜਾਬ ਦੇ ਵਿੱਚ ਰਸਮੀ ਤੌਰ 'ਤੇ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਪਹਿਲੇ 2 ਦਿਨ ਮੰਡੀਆਂ ਖਾਲੀ ਹੀ ਵਿਖਾਈ ਦਿੱਤੀਆਂ। ਇਸ ਨੂੰ ਲੈ ਕੇ ਜਿੱਥੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਸਰਕਾਰ ਦੇ ਖ਼ਰੀਦ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉੱਥੇ ਹੀ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਖਰੀਦ ਪ੍ਰਬੰਧ ਮੁਕੰਮਲ ਹੋਣ ਅਤੇ ਸਮੇਂ ਸਿਰ ਕਣਕ ਦੀ ਖਰੀਦ ਹੋਣ ਦੇ ਮੁੜ ਤੋਂ ਦਾਅਵੇ ਕੀਤੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਖਰੀਦ ਪ੍ਰਬੰਧ ਮੁਕੰਮਲ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਆੜ੍ਹਤੀਆਂ ਨੂੰ ਪਾਸ ਜਾਰੀ ਹੋਣਗੇ ਪਰ ਉਹ ਪਾਸ ਆੜ੍ਹਤੀਆਂ ਨੂੰ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਪਹਿਲੀ ਢੇਰੀ ਦੀ ਖ਼ਰੀਦ ਲਈ ਮੁੱਖ ਮੰਤਰੀ ਆਪ ਜਾਂ ਮੰਡੀ ਬੋਰਡ ਦੇ ਚੇਅਰਮੈਨ ਜਾਂ ਮੰਤਰੀ ਆਪ ਮੰਡੀ 'ਚ ਆਉਂਦੇ ਹਨ ਪਰ ਇਨ੍ਹਾਂ 'ਚੋਂ ਕੋਈ ਵੀ ਮੰਡੀ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਆੜ੍ਹਤੀ ਵੀ ਪ੍ਰੇਸ਼ਾਨ ਨੇ ਕਿਉਂਕਿ ਉਨ੍ਹਾਂ ਦਾ ਪਿਛਲਾ ਬਕਾਇਆ ਬਾਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਜ਼ਰੂਰ ਖਰੀਦ ਦੀ ਸ਼ੁਰੂਆਤ ਹੌਲੀ ਹੋਈ ਹੈ ਪਰ ਆਉਂਦੇ ਦਿਨਾਂ 'ਚ ਇਹ ਤੇਜ਼ ਹੋ ਜਾਵੇਗੀ।
ਆਸ਼ੂ ਨੇ ਕਿਹਾ ਕਿ ਕਿਤੇ ਨਾ ਕਿਤੇ ਜ਼ਰੂਰ ਕੁਝ ਖਾਮੀਆਂ ਵੀ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਜਲਦ ਦਰੁਸਤ ਕਰ ਲਿਆ ਜਾਵੇਗਾ। ਮੰਤਰੀ ਆਸ਼ੂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਮੁਤਾਬਕ ਉਹ ਭਰੋਸਾ ਦਿਵਾਉਂਦੇ ਹਨ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਕਣਕ ਦਾ ਖ਼ਰੀਦਿਆ ਜਾਵੇਗਾ।