ਲੁਧਿਆਣਾ: ਪੰਜਾਬ (PunJab) ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amarinder Singh) ਨੇ 2017 ਦੀਆਂ ਵਿਧਾਨਸਭਾ ਚੋਣਾਂ ਸਮੇਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਚਾਰ ਹਫ਼ਤਿਆਂ ਅੰਦਰ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਸੂਬੇ ’ਚ ਨੌਜਵਾਨ ਨਸ਼ੇ ਦੇ ਦਲਦਲ ’ਚ ਫਸਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਮਰਾਲਾ ਦੇ ਨਜ਼ਦੀਕੀ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਮਾਂ ਨੇ ਨਸ਼ੇ ਦੀ ਦਲਦਲ ’ਚ ਫਸੇ ਆਪਣੇ ਪੁੱਤ ਨੂੰ ਬੰਨ੍ਹ ਕੇ ਰੱਖਣ ਨੂੰ ਮਜਬੂਰ ਹੈ।
ਮਜਬੂਰ ਮਾਂ ਨੇ ਪੁੱਤ ਸੰਗਲਾਂ ਨਾਲ ਬੰਨ੍ਹਿਆ
ਆਪਣੇ ਇਕਲੌਤੇ ਮੁੰਡੇ ਨੂੰ ਸੰਗਲਾਂ ਨਾਲ ਬੰਨਣ ਨੂੰ ਮਜਬੂਰ ਮਾਂ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਤੀ ਦੀ ਮੌਤ ਤੋਂ ਬਾਅਦ ਘਰ ਦਾ ਗੁਜਾਰਾ ਕਾਫੀ ਔਖਾ ਚਲ ਰਿਹਾ ਹੈ। ਦੂਜੇ ਪਾਸੇ ਉਸਦਾ ਇਕਲੌਤ ਪੁੱਤ ਨਸ਼ੇ ਦੀ ਦਲਦਲ ਚ ਫਸ ਗਿਆ ਹੈ ਜਿਸ ਕਾਰਨ ਉਹ ਉਸਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਹੈ।
ਪੀੜਤ ਮਾਂ ਨੇ ਦੱਸਿਆ ਕਿ ਜੇਕਰ ਉਹ ਆਪਣੇ ਪੁੱਤ ਨੂੰ ਸੰਗਲਾਂ ਨਾਲ ਬੰਨ੍ਹ ਕੇ ਨਹੀਂ ਰਖਦੀ ਹੈ ਤਾਂ ਉਹ ਨਸ਼ਾ ਕਰਨ ਦੇ ਲਈ ਲੋਕਾਂ ਦੇ ਸਾਮਾਨ ਵੇਚਣ ਲੱਗ ਜਾਂਦਾ ਹੈ ਜਾਂ ਫਿਰ ਚੋਰੀ ਕਰਨ ਲੱਗ ਜਾਂਦਾ ਹੈ। ਇਨ੍ਹਾਂ ਹੀ ਨਹੀਂ ਨਸ਼ਾ ਕਰਨ ਤੋਂ ਬਾਅਦ ਉਹ ਲੜਾਈ ਝਗੜਾ ਕਰਨ ਲੱਗ ਜਾਂਦਾ ਹੈ ਜਿਸ ਕਾਰਨ ਉਸਨੇ ਆਪਣੇ ਪੁੱਤ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਇਸਦਾ ਇਲਾਜ਼ ਕਰਵਾਉਣ ਲਈ ਪੈਸਾ ਨਹੀਂ ਹੈ। ਨੌਜਵਾਨ ਦੀ ਮਾਂ ਨੇ ਦੱਸਿਆ ਕਿ ਕਿਸੇ ਵੀ ਅਧਿਕਾਰੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
'ਕਿਸੇ ਨੇ ਵੀ ਨਹੀਂ ਕੀਤੀ ਪਰਿਵਾਰ ਦੀ ਮਦਦ'
ਸਮਾਜ ਸੇਵੀਆਂ ਅਤੇ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਦੇ ਘਰ ਦੀ ਹਾਲਤ ਕਾਫੀ ਖਰਾਬ ਹੈ। ਉਸਦਾ ਪੁੱਤ ਨਸ਼ੇ ਦਾ ਆਦੀ ਹੈ ਜਿਸਦਾ ਉਹ ਇਲਾਜ ਨਹੀਂ ਕਰਵਾ ਪਾ ਰਹੀ ਹੈ। ਪਰਿਵਾਰ ਦੀ ਕਿਸੇ ਨੇ ਵੀ ਮਦਦ ਨਹੀਂ ਕੀਤੀ ਹੈ ਜਿਸ ਕਾਰਨ ਇਹ ਪਰਿਵਾਰ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹੈ।
ਇਹ ਵੀ ਪੜੋ: ਕੈਪਟਨ ਸਾਬ੍ਹ! ਮਾਰੋ ਸਰਕਾਰੀ ਸਕੂਲਾਂ ਦੇ ਖਾਣੇ 'ਚ ਝਾਤ!