ਲੁਧਿਆਣਾ: ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਿੱਥੇ ਟੀਕਾਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ, ਉੱਥੇ ਹੀ ਅਦਾਲਤਾਂ ਵਿੱਚ ਫਿਜ਼ੀਕਲ ਸੁਣਵਾਈਆਂ ਵੀ ਸ਼ੁਰੂ ਹੋ ਗਈਆਂ ਹਨ। ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਲੁਧਿਆਣਾ ਵਿੱਚ ਵੀ ਸੁਣਵਾਈਆਂ ਦੀ ਸ਼ੁਰੂਆਤ ਹੋਈ ਹੈ, ਜਿਸ ਸਬੰਧੀ ਲੁਧਿਆਣਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਟੀਮ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਫ਼ਿਜੀਕਲ ਸੁਣਵਾਈ ਸ਼ੁਰੂ ਹੋ ਗਈ ਹੈ। ਨਾਲ ਹੀ ਉਨ੍ਹਾਂ ਨੇ ਲੋਕ ਅਦਾਲਤਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਅਤੇ ਲੋਕਾਂ ਨੂੰ ਆਪਣੇ ਕੇਸਾਂ ਦੇ ਨਿਬੇੜੇ ਲਈ ਵੱਧ ਤੋਂ ਵੱਧ ਲੋਕ ਅਦਾਲਤਾਂ ਦਾ ਰੁਖ਼ ਕਰਨ ਦੀ ਅਪੀਲ ਕੀਤੀ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਦੋਵਾਂ ਧਿਰਾਂ ਵਿਚਕਾਰ ਤੁਰੰਤ ਸਮਝੌਤੇ ਕਰਵਾਏ ਜਾਂਦੇ ਹਨ। ਮਹੀਨੇ ਦੇ ਅਖ਼ੀਰ ਵਿੱਚ ਸ਼ੁੱਕਰਵਾਰ ਵਾਲੇ ਦਿਨ ਲੋਕ ਅਦਾਲਤਾਂ ਲੱਗਦੀਆਂ ਹਨ।
ਗੁਰਬੀਰ ਸਿੰਘ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਲੋਕਾਂ ਦਾ ਸਮਾਂ ਬਚਦਾ ਹੈ ਸਗੋਂ ਅਦਾਲਤਾਂ ਦਾ ਵੀ ਸਮਾਂ ਬਚਦਾ ਹੈ। ਬੇਹੱਦ ਗੰਭੀਰ ਮਾਮਲੇ ਹੁੰਦੇ ਹਨ, ਉਨ੍ਹਾਂ ਦੀ ਘੋਖ ਕਰਨ ਦਾ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਹੈ ਜੇਕਰ ਕੋਈ ਵੀ ਆਪਣੇ ਮਾਮਲੇ ਲੋਕ ਅਦਾਲਤ ਦੇ ਵਿੱਚ ਲਗਾਉਣਾ ਚਾਹੁੰਦੇ ਹਨ ਤਾਂ ਬਹੁਤ ਹੀ ਸੌਖੇ ਢੰਗ ਦੇ ਨਾਲ ਇੱਕ ਅਰਜ਼ੀ ਦਾਇਰ ਕਰਕੇ ਆਪਣਾ ਕੇਸ ਲੋਕ ਅਦਾਲਤਾਂ ਵਿੱਚ ਲਗਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੇਸਾਂ ਦਾ ਤੁਰੰਤ ਮੌਕੇ ਤੇ ਦੋਹਾਂ ਧਿਰਾਂ ਦੀ ਰਜ਼ਾਮੰਦੀ ਦੇ ਨਾਲ ਨਿਬੇੜਾ ਕਰਵਾ ਦਿੱਤਾ ਜਾਂਦਾ ਹੈ।