ਲੁਧਿਆਣਾ: ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ 'ਚ ਦੋ ਮਹੀਨੇ ਪੂਰੇ ਹੋ ਚੁੱਕੇ ਨੇ ਅਤੇ ਦੋ ਮਹੀਨੇ ਪੂਰੇ ਹੋਣ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ ਤੇ ਤੰਜ ਕੱਸਣੇ ਵੀ ਸ਼ੁਰੂ ਕਰ ਦਿੱਤੇ ਹਨ। ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਕਈ ਪੱਖਾਂ ਤੋਂ ਘੇਰਿਆ ਹੈ।
ਜਿਸ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨਾ ਬਿਜਲੀ ਦੀ ਕਿੱਲਤ, ਹੈਲੀਕਾਪਟਰ ਦਾ ਬਣਿਆ ਬਿੱਲ, ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀ ਖੁਦਕੁਸ਼ੀਆਂ ,ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਅਤੇ ਵਿਜੀਲੈਂਸ ਦਫਤਰ 'ਤੇ ਹੋਏ ਆਰਪੀਜੀ ਹਮਲੇ ਆਦਿ ਨੂੰ ਮੁੱਖ ਰੱਖਦਿਆਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਦੋ ਮਹੀਨੇ ਦੀ ਕਾਰਗੁਜ਼ਾਰੀ ਨੂੰ ਵੇਖ ਰਹੀਆਂ ਹਨ।
ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਅੱਜ ਤੋਂ ਹੀ ਜਨਤਾ ਦਰਬਾਰ ਲਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ 'ਚ ਪੰਜਾਬ ਭਵਨ ਅੰਦਰ ਜਨਤਾ ਦਰਬਾਰ ਲੈ ਗਿਆ ਅਸੀਂ ਉਨ੍ਹਾਂ ਦੀ ਤਰਜ਼ 'ਤੇ ਹੀ ਬਾਕੀ ਵਿਧਾਇਕ ਵੀ ਜਨਤਾ ਦਰਬਾਰ ਲਾ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਦਾਅਵੇ ਕਰ ਰਹੀ ਹੈ।
ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡਾ ਸਵਾਲ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਨਾ ਸਿਰਫ ਪਾਰਟੀ ਨੂੰ ਖੇਤਰੀ ਰਾਜਨੀਤਿਕ ਪਾਰਟੀਆਂ ਘੇਰ ਰਹੀਆਂ ਹਨ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਕੌਮੀ ਪਾਰਟੀਆਂ ਦੇ ਨਿਸ਼ਾਨੇ 'ਤੇ ਵੀ ਹੈ। ਹਰਿਆਣਾ ਦੇ 'ਚ ਫੜੇ ਗਏ ਚਾਰ ਖਾੜਕੂਆਂ ਤੋਂ ਬਾਅਦ ਮੁਹਾਲੀ ਵਿਜੀਲੈਂਸ ਦਫ਼ਤਰ 'ਚ ਆਰਪੀਜੀ ਅਟੈਕ ਅਤੇ ਫਿਰ ਪਟਿਆਲੇ ਦੇ 'ਚ ਹੋਈ ਹਿੰਸਾ ਨੂੰ ਲੈ ਕੇ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਸਵਾਲ ਖੜ੍ਹੇ ਕੀਤੇ ਗਏ ਹਨ।
ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਕਤਲੋ ਗਾਰਤ ਮਚੀ ਹੋਈ ਹੈ ਲੁੱਟਾਂ ਖਸੁੱਟਾਂ ਹੋ ਰਹੀਆਂ ਨੇ ਸਮਾਜ ਵਿਰੋਧੀ ਅਨਸਰ ਮੁੜ ਤੋਂ ਐਕਟਿਵ ਹੋ ਗਏ ਹਨ ਅਤੇ ਇਹ ਹੀ ਮਾਨ ਸਰਕਾਰ ਦੀ ਦੋ ਮਹੀਨੇ ਦੀ ਕਾਰਗੁਜ਼ਾਰੀ ਦੇ ਦੌਰਾਨ ਹੋਇਆ।
ਕਰਜ਼ੇ ਅਤੇ ਹੈਲੀਕਾਪਟਰ ਸੈਰ 'ਤੇ ਸਵਾਲ: ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਦੋ ਮਹੀਨੇ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉੱਥੇ ਹੀ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਸਿਰ ਕਰਜ਼ਾ ਹੈ ਉਸ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਦੋ ਮਹੀਨਿਆਂ ਦੇ 'ਚ ਅੱਠ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਜਿਸ 'ਚ ਸਭ ਤੋਂ ਜ਼ਿਆਦਾ ਪੈਸੇ ਬਿਜਲੀ 'ਤੇ ਖਰਚੇ ਗਏ ਹਨ ਸਰਕਾਰ ਬਾਹਰੋਂ ਬਿਜਲੀ ਮਹਿੰਗੀਆਂ ਕੀਮਤਾਂ 'ਤੇ ਖਰੀਦ ਰਹੀ ਹੈ। ਬਿਜਲੀ ਦੀ ਕਟੌਤੀ ਸਰਕਾਰ ਲਈ ਸਿਰਦਰਦੀ ਬਣੀ ਹੋਈ ਹੈ ਅਤੇ ਇਸੇ ਕਰਜ਼ੇ ਨੂੰ ਲੈ ਕੇ ਹੁਣ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ।
ਵਿਰੋਧੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਦੋ ਮਹੀਨਿਆਂ ਅੰਦਰ ਹੀ ਅੱਠ ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਤਾਂ 60 ਮਹੀਨੇ ਅੰਦਰ ਇਹ ਕਰਜ਼ਾ 2 ਲੱਖ ਕਰੋੜ ਦੇ ਪਾਰ ਚਲਾ ਜਾਵੇਗਾ ਇਨ੍ਹਾਂ ਕਰਦਾ ਪਿਛਲੇ ਸੱਤਰ ਸਾਲਾਂ ਦੇ 'ਚ ਨਹੀਂ ਲਿਆ ਗਿਆ ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਪੰਜ ਸਾਲ ਦੇ ਕਾਰਜਕਾਲ 'ਚ ਲੈ ਲਵੇਗੀ।
ਕਿਸਾਨ ਖੁਦਕੁਸ਼ੀ ਅਤੇ ਨਸ਼ਾ: ਪੰਜਾਬ ਦੇ ਵਿੱਚ ਬੀਤੇ ਦੋ ਮਹੀਨਿਆਂ ਅੰਦਰ 1 ਦਰਜ਼ਨ ਤੋਂ ਵੱਧ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਇਸ ਤੋਂ ਇਲਾਵਾ 50 ਤੋਂ ਵੱਧ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਹਾਲਾਂਕਿ ਪਾਰਟੀ ਨੇ ਨਸ਼ੇ ਦੇ ਖਾਤਮੇ 'ਤੇ ਕਿਸਾਨ ਖ਼ੁਦਕੁਸ਼ੀਆਂ ਤੇ ਠੱਲ੍ਹ ਪਾਉਣ ਦਾ ਦਾਅਵਾ ਕੀਤਾ ਸੀ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਨੇ ਸਵਾਲ ਖੜਾ ਕੀਤਾ ਕੇ ਨਾ ਤਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਖ਼ਤਮ ਹੋਈਆਂ ਅਤੇ ਨਾ ਹੀ ਨਸ਼ੇ ਨਾਲ ਮੌਤਾਂ ਦਾ ਸਿਲਸਲਾ ਰੁਕ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਮੌਜ ਕਰ ਰਹੀ ਹੈ ਆਮ ਲੋਕਾਂ ਦੀ ਕੋਈ ਫ਼ਿਕਰ ਨਹੀਂ।
ਵਾਅਦੇ ਨਾ ਪੂਰੇ ਹੋਣ ਤੇ ਸਵਾਲ: ਹਾਲਾਂਕਿ ਸਰਕਾਰ ਨੂੰ ਸੱਤਾ 'ਚ ਆਏ 2 ਮਹੀਨੇ ਹੋਏ ਗਏ ਹਨ ਪਰ ਵਿਰੋਧੀ ਪਾਰਟੀਆਂ ਨੇ ਆਪ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਲੈਕੇ ਵੀ ਸਵਾਲ ਖੜੇ ਕਰ ਦਿੱਤੇ ਹਨ। ਸਰਕਾਰ ਦਾ ਮੁੱਖ ਵਾਅਦਾ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣਾ ਤੇ ਮਹਿਲਾਵਾਂ ਨੂੰ 18 ਸਾਲ ਤੋਂ ਉੱਪਰ 1000 ਰੁਪਏ ਪ੍ਰਤੀ ਮਹੀਨਾ ਭਟਾ ਦੇਣਾ ਸੀ।
ਜਿਸ ਵਿੱਚ 300 ਯੂਨਿਟ ਬਿਜਲੀ ਜੁਲਾਈ ਤੋਂ ਦੇਣ ਦਾ ਵਾਅਦਾ ਕੀਤਾ ਜਦੋਂ ਕੇ ਦੂਜੇ ਪਾਸੇ ਹਜ਼ਾਰ ਰੁਪਏ ਦੇਣ ਬਾਰੇ ਫਿਲਹਾਲ ਸਰਕਾਰ ਚੁੱਪ ਹੈ। ਕਾਂਗਰਸ ਦੇ ਬੁਲਾਰੇ ਕੁਲਦੀਪ ਵੇਦ ਨੇ ਸਰਕਾਰ ਤੋਂ ਸਵਾਲ ਕੀਤਾ ਕੇ ਉਨ੍ਹਾਂ ਵਲੋਂ ਵਾਅਦੇ ਕੀਤੇ ਕਦੋਂ ਪੂਰੇ ਹੋਣਗੇ, ਉਨ੍ਹਾਂ ਕਿਹਾ ਕਿ ਹਰਪਾਲ ਚੀਮਾਂ ਪੰਜਾਬ ਦੀ ਆਰਥਿਕ ਸਥਿਤੀ ਤੋਂ ਪਹਿਲਾਂ ਹੀ ਜਾਣੂ ਸਨ।
ਆਪ ਦਾ ਜਵਾਬ: ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਸਰਕਾਰ ਦੀ 2 ਮਹੀਨੇ ਦੀ ਕਾਰਗੁਜਾਰੀ ਦੇ ਤਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ। ਜਦੋਂ ਅਸੀਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ 2 ਮਹੀਨੇ 'ਚ ਸਰਕਾਰ ਨੇ ਉਹ ਕਰਕੇ ਵਿਖਾਇਆ ਜੋ ਬਾਕੀਆਂ ਨੇ 5 ਸਾਲ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਕਰਜ਼ਾ ਲਿਆ ਹੈ ਤਾਂ ਉਸ ਨੂੰ ਲਾਉਣ ਦੀ ਜਿੰਮੇਵਾਰੀ ਵੀ ਸਾਡੀ ਹੈ ਅਸੀਂ ਲਾਹ ਲਵਾਂਗੇ, ਉਨ੍ਹਾਂ ਕਾਨੂੰਨ ਵਿਵਸਥਾ 'ਤੇ ਕਿਹਾ ਕਿ ਸਰਕਾਰ ਕੰਮ ਕਰ ਰਹੀ ਹੈ। ਉਧਰ ਜੇਪੀਨੱਡਾ ਵੱਲੋਂ ਸਰਕਾਰ 'ਤੇ ਚੁੱਕੇ ਸਵਾਲਾਂ ਨੂੰ ਲੈਕੇ ਵੀ ਉਨ੍ਹਾਂ ਕਿਹਾ ਕੇ ਜੇਕਰ ਲੋਕਾਂ ਨੇ ਸਾਨੂੰ 92 ਸੀਟਾਂ 'ਤੇ ਭਾਜਪਾ ਨੂੰ 2 ਸੀਟਾਂ ਦਿੱਤੀਆਂ ਤਾਂ ਕੁਝ ਸੋਚ ਸਮਝ ਕੇ ਹੀ ਦਿੱਤੀਆਂ ਹੋਣਗੀਆਂ।
ਇਹ ਵੀ ਪੜ੍ਹੋ:- ਦੋ ਮਹੀਨੇ ਪੂਰੇ ਹੋਣ ’ਤੇ ਸੀਐੱਮ ਮਾਨ ਦੀ ਲੋਕ ਮਿਲਣੀ