ਲੁਧਿਆਣਾ: ਇਹ ਗੱਲ ਕਿਸੇ ਤੋਂ ਨਹੀਂ ਛੁਪੀ ਹੈ ਕਿ ਕੋਰੋਨਾ ਵਾਇਰਸ ਸਾਡੀ ਬਿਮਾਰੀ ਨਾਲ ਲੜਨ ਵਾਲੇ ਜੀਵਾਣੂਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਕਮਜ਼ੋਰ ਕਰਦਾ ਹੈ। ਅਜਿਹੇ 'ਚ ਆਪਣੀ ਪਾਚਨ ਪ੍ਰਣਾਲੀ ਅਤੇ ਆਪਣੀ ਇਮਿਊਨਿਟੀ ਨੂੰ ਕਿਵੇਂ ਤੰਦਰੁਸਤ ਅਤੇ ਸਿਹਤਮੰਦ ਰੱਖਣਾ ਹੈ ਇਹ ਇੱਕ ਪੂਰੇ ਸੰਸਾਰ ਸਾਹਮਣੇ ਅੱਜ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਇਸ ਸਬੰਧੀ ਲੁਧਿਆਣਾ ਦੇ ਗੁਰੂ ਨਾਨਕ ਹਸਪਤਾਲ ਦੇ ਤਜ਼ੁਰਬੇਕਾਰ ਡਾਕਟਰ ਵਾਈ ਐੱਨ ਸ਼ਰਮਾ ਨੇ ਦੱਸਿਆ ਕਿ ਕਿਵੇਂ ਆਪਣੇ ਆਪ ਨੂੰ ਤੰਦਰੁਸਤ ਰੱਖ ਕੇ ਅਸੀਂ ਕੋਰੋਨਾ ਨਾਲ ਲੜ ਸਕਦੇ ਹਾਂ। ਡਾ. ਵਾਈ ਐੱਨ ਸ਼ਰਮਾ ਨੇ ਦੱਸਿਆ ਕਿ ਆਪਣੀ ਇਮਿਊਨਿਟੀ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਬਜ਼ਾਰ ਵਿੱਚ ਦਵਾਈਆਂ ਪਿੱਛੇ ਭੱਜਣ ਦੀ ਲੋੜ ਨਹੀਂ।
ਅਸੀਂ ਘਰ ਵਿੱਚ ਹੀ ਰਵਾਇਤੀ ਖੁਰਾਕ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਜਿਸ ਵਿੱਚ ਹਲਦੀ, ਚਵਨਪ੍ਰਾਸ਼ ਆਦਿ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਹਰੜ ਬਹੇੜਾ ਅਤੇ ਆਂਵਲਾ ਆਮ ਬਾਜ਼ਾਰ ਵਿੱਚ ਮਿਲ ਜਾਂਦੇ ਹਨ, ਘਰਾਂ ਵਿੱਚ ਉਪਲੱਬਧ ਹੁੰਦੇ ਹਨ ਜਿਸ ਨਾਲ ਅਸੀਂ ਆਪਣੀ ਇਮਿਊਨਿਟੀ ਨੂੰ ਤੰਦਰੁਸਤ ਕਰ ਸਕਦੇ ਹਾਂ।
ਉਨ੍ਹਾਂ ਦੱਸਿਆ ਕਿ ਸਿਰਫ਼ ਖਾਣ ਪੀਣ ਨਾਲ ਹੀ ਨਹੀਂ ਸਗੋਂ ਆਪਣੇ ਆਪ ਨੂੰ ਫਿੱਟ ਰੱਖਣ ਨਾਲ ਆਪਣੇ ਮਾਨਸਿਕ ਤਣਾਅ ਨੂੰ ਦੂਰ ਰੱਖਣ ਨਾਲ ਯੋਗਾ ਪ੍ਰਣਾਯਾਮ ਅਤੇ ਵਰਕਆਊਟ ਕਰਨ ਨਾਲ ਵੀ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਇੱਥੋਂ ਤੱਕ ਕਿ ਨਸ਼ੇ ਵਰਗੇ ਮਾੜੇ ਪ੍ਰਭਾਵਾਂ ਤੋਂ ਵੀ ਦੂਰ ਰਹਿ ਸਕਦੇ ਹਾਂ।