ਲੁਧਿਆਣਾ: ਸੂਬੇ ਭਰ ’ਚ ਲੁਟੇਰੇ ਇੰਨ੍ਹੀ ਜਿਆਦਾ ਬੇਖੌਫ ਹੋ ਗਏ ਹਨ ਕਿ ਹੁਣ ਉਨ੍ਹਾਂ ਨੂੰ ਨਾ ਤਾਂ ਪੁਲਿਸ ਦਾ ਡਰ ਹੈ ਅਤੇ ਨਾ ਹੀ ਜੇਲ੍ਹ ਜਾਣ ਦਾ। ਇਸੇ ਤਰ੍ਹਾਂ ਹੀ ਲੁਧਿਆਣਾ ਵਿਖੇ ਇੱਕ ਤੋਂ ਬਾਅਦ ਇੱਕ ਵਾਰਦਾਤਾਂ ਵਾਪਰ ਰਹੀਆਂ ਹਨ। ਪਰ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਡਾਬਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਐਕਸਚੇਂਜਰ ਅਤੇ ਮੋਬਾਇਲ ਅਸੈਸਰੀ ਵੇਚਣ ਵਾਲੀ ਦੁਕਾਨ ਚੋਂ ਦੋ ਹਥਿਆਰਬੰਦ ਲੁਟੇਰਿਆ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਲੁੱਟ ਦੀ ਵਾਰਦਾਤ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਫੁਟੇਜ ’ਚ ਕੈਦ ਹੋ ਗਈ ਹੈ। ਹਾਲਾਂਕਿ ਲੁੱਟ ਬਹੁਤੀ ਵੱਡੀ ਨਹੀਂ ਹੋਈ ਪਰ ਦੁਕਾਨਦਾਰ ਕੋਲ ਉਸ ਵੇਲੇ ਜੋ ਵੀ ਕੈਸ਼ ਸੀ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ ਅਤੇ ਕੁੱਲ 60 ਹਜ਼ਾਰ ਰੁਪਏ ਦੀ ਲੁੱਟ ਦੀ ਗੱਲ ਆਖੀ ਜਾ ਰਹੀ ਹੈ।
ਉੱਧਰ ਦੂਜੇ ਪਾਸੇ ਥਾਣਾ ਡਾਬਾ ਪੁਲਿਸ ਸਟੇਸ਼ਨ ਦੇ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਬੀਤੀ ਰਾਤ ਦੀ ਹੈ ਕਰੀਬ 9 ਵਜੇ ਦੇ ਨੇੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਰਾਹੀਂ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਨੰਬਰ ਟਰੇਸ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੇ ਪਹਿਲਾਂ ਅੰਦਰੋਂ ਕੁੰਡੀ ਲਈ ਅਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਵੇਂ ਮੁਲਜ਼ਮਾਂ ਦੀ ਉਮਰ 20-25 ਸਾਲ ਦੇ ਵਿਚਕਾਰ ਲੱਗ ਰਹੀ ਹੈ ਅਤੇ ਗੱਲੇ ਵਿਚ ਜੋ ਵੀ ਪੈਸੇ ਸੀ ਉਹ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਵੇਗੀ।