ਲੁਧਿਆਣਾ: ਸੁਭਾਸ਼ ਨਗਰ ਬਸਤੀ ਜੋਧੇਵਾਲ 'ਚ ਬੀਤੀ ਰਾਤ ਇੱਕ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਹੋ ਗਏ ਹਨ। ਦਰਅਸਲ ਪਰਿਵਾਰ ਰਾਤ ਨੂੰ ਅੰਗੀਠੀ ਬਾਲ ਕੇ ਸੋ ਗਿਆ ਜਦੋਂ ਸਵੇਰੇ ਉੱਠੇ ਤਾਂ ਦੋਵੇਂ ਬੱਚਿਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਚੁੱਕੀ ਸੀ ਜਦੋਂ ਕਿ ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਹੀ ਘਰ ਰਹਿਣ ਆਏ ਉਨ੍ਹਾਂ ਦੇ ਰਿਸ਼ਤੇਦਾਰ ਪਤੀ ਪਤਨੀ ਗੰਭੀਰ ਹਾਲਤ 'ਚ ਹਨ। ਗੰਭੀਰ ਹਾਲਤ 'ਚ ਚਾਰਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕਾਂ ਨੇ ਦੱਸਿਆ ਕਿ ਇਹ ਪਰਿਵਾਰ ਬੀਤੇ ਚਾਰ ਪੰਜ ਮਹੀਨਿਆਂ ਤੋਂ ਉਨ੍ਹਾਂ ਨਾਲ ਰਹਿ ਰਿਹਾ ਸੀ। ਪਰ ਬੀਤੀ ਰਾਤ ਉਨ੍ਹਾਂ ਦੇ ਘਰ ਇੱਕ ਪਤੀ ਪਤਨੀ ਰਿਸ਼ਤੇਦਾਰ ਆਏ ਸਨ ਅਤੇ ਰਾਤ ਭਰ ਉਹ ਸੁੱਤੇ ਰਹੇ ਅਤੇ ਜਦੋਂ ਸਵੇਰੇ ਕਈ ਵਾਰ ਦਰਵਾਜ਼ਾ ਖੜਕਾਉਣ 'ਤੇ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਵੇਖਿਆ ਕਿ ਅੰਦਰ ਸਾਰੇ ਹੀ ਸੁੱਧ ਬੁੱਧ ਹਨ।
ਮੌਕੇ 'ਤੇ ਐਂਬੂਲੈਂਸ ਨੂੰ ਸੱਦਿਆ ਗਿਆ ਪਰ ਇਸ ਦੌਰਾਨ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ। ਜਦੋਂ ਕਿ ਉਨ੍ਹਾਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ 6 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ 'ਚ ਦੋ ਬੱਚੇ ਵੀ ਸ਼ਾਮਲ ਸਨ। ਪਰ ਦੋਵੇਂ ਬੱਚਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਰਾਤ ਭਰ ਕਮਰੇ ਦੇ ਵਿੱਚ ਅੰਗੀਠੀ ਚਲਾਉਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋਹਾਂ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰ ਦੀ ਹਾਲਤ ਗੰਭੀਰ ਹੈ।