ਲੁਧਿਆਣਾ: ਡਿਵੀਜ਼ਨ ਨੰਬਰ ਤਿੰਨ ਦੇ ਖੇਤਰ 'ਚ ਰਹਿਣ ਵਾਲੇ ਗਗਨਦੀਪ ਸਿੰਘ ਦੇਵ ਨਾਂਅ ਦੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਵੱਲੋਂ ਸੁਸਾਈਡ ਨੋਟ 'ਚ 2 ਲੋਕਾਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਇਨ੍ਹਾਂ 'ਚੋਂ ਇੱਕ ਕਪੂਰ ਅਤੇ ਇੱਕ ਦਾ ਨਾਂਅ ਜੱਗਾ ਦੱਸਿਆ ਜਾ ਰਿਹਾ ਹੈ ਜੋ ਪੁਲਿਸ 'ਚ ਕਾਂਸਟੇਬਲ ਹੈ।
ਸੁਸਾਈਡ ਨੋਟ 'ਚ ਮ੍ਰਿਤਕ ਨੇ ਲਿਖਿਆ ਹੈ ਕਿ ਜੱਗਾ ਉਸ ਕੋਲੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਜੋ ਉਸ ਕੋਲ ਨਹੀਂ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਾਂਸਟੇਬਲ 'ਤੇ ਇਲਜ਼ਾਮ ਲਾਏ ਹਨ ਕਿ ਉਹ ਰੋਜ਼ਾਨਾ ਮ੍ਰਿਤਕ ਦੀ ਦੁਕਾਨ ਤੋਂ ਹਜ਼ਾਰਾਂ ਰੁਪਏ ਦਾ ਸਾਮਾਨ ਮੁਫ਼ਤ 'ਚ ਲੈ ਜਾਂਦਾ ਸੀ। ਇਸ ਕਰਕੇ ਗਗਨਦੀਪ ਕਾਫੀ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਏ ਹਨ ਕਿ ਕਾਂਸਟੇਬਲ ਜੱਗਾ ਅਤੇ ਕਪੂਰ ਉਸ ਕੋਲੋਂ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਸਾਮਾਨ ਮੁਫ਼ਤ 'ਚ ਲੈ ਕੇ ਜਾਂਦੇ ਰਹੇ ਹਨ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਮ੍ਰਿਤਕ ਨੇ ਸੁਸਾਇਡ 'ਚ ਲਿਖਿਆ ਹੈ ਕਿ ਜੱਗਾ ਅਤੇ ਕਪੂਰ ਉਸ ਕੋਲੋਂ 50 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਜੋ ਉਸ ਕੋਲ ਨਹੀਂ ਹਨ। ਇਸ ਕਰ ਕੇ ਉਹ ਖੁਦਕੁਸ਼ੀ ਕਰ ਰਿਹਾ ਹੈ। ਮ੍ਰਿਤਕ ਨੇ ਸੁਸਾਈਡ ਨੋਟ ਲਿਖਣ ਤੋਂ ਬਾਅਦ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।
ਏਸੀਪੀ ਵਰਿਆਮ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਇੱਕ ਹੋਰ ਰਿਕਾਰਡਿੰਗ ਮਿਲੀ ਹੈ ਜਿਸ ਵਿੱਚ ਖੁਦਕੁਸ਼ੀ ਕਰਨ ਵਾਲਾ ਕਾਂਸਟੇਬਲ ਜੱਗੇ ਨੂੰ ਫਸਾਉਣ ਦੀ ਗੱਲ ਕਹਿ ਰਿਹਾ ਹੈ, ਇਸ ਕਰਕੇ ਹਾਲੇ ਕਿਸੇ ਨੂੰ ਵੀ ਦੋਸ਼ੀ ਠਹਿਰਨਾ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੀ ਤਫਤੀਸ਼ ਤੋਂ ਬਾਅਦ ਹੀ ਪੁਲਿਸ ਕਿਸੇ ਸਿੱਟੇ 'ਤੇ ਪਹੁੰਚੇਗੀ।