ਲੁਧਿਆਣਾ: ਸ਼ਹਿਰ ਦੇ ਪਿੰਡ ਮੰਡਿਆਣੀ ਦਾ ਮੁੱਦਾ ਇੰਨੀਂ ਦਿਨੀਂ ਬੇਹਦ ਭੱਖਿਆ ਹੋਇਆ ਹੈ। ਇਸ ਉੱਤੇ ਲਗਾਤਾਰ ਵੱਖ-ਵੱਖ ਲੋਕਾਂ ਵੱਲੋਂ ਪ੍ਰਤੀਕੀਰਿਆ ਜਾਰੀ ਹੈ। ਇਸੇ ਕੜੀ 'ਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਪ੍ਰਤੀਕੀਰਿਆ ਸਾਹਮਣੇ ਆਈ ਹੈ।
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਲਗਾਤਾਰ ਗਰਮਖਿਆਲੀਆਂ ਅਤੇ ਖ਼ਾਲਿਸਤਾਨ ਸਮਰਥਕਾਂ ਦੇ ਖਿਲਾਫ਼ ਆਪਣੀ ਸੋਸ਼ਲ ਮੀਡੀਆ ਰਾਹੀਂ ਭੜਾਸ ਕੱਢੀ ਜਾ ਰਹੀ ਸੀ। ਹੁਣ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਲੁਧਿਆਣਾ ਦੇ ਪਿੰਡ ਮੰਡਿਆਣੀ ਦੇ ਵਿੱਚ ਲਾਏ ਗਏ ਨੀਂਹ ਪੱਥਰ ਨੂੰ ਪਿੰਡ ਦੇ ਇੱਕ ਕੱਟੜ ਪੰਥੀ ਵੱਲੋਂ ਭੰਨ ਦਿੱਤਾ ਗਿਆ ਹੈ।
ਉਕਤ ਵਿਅਕਤੀ ਨੇ ਕਿਹਾ ਕਿ ਨਾ ਤਾਂ ਰਵਨੀਤ ਬਿੱਟੂ ਨੂੰ ਇਸ ਪਿੰਡ 'ਚੋਂ ਵੋਟਾਂ ਮਿਲਣਗੀਆਂ ਤੇ ਨਾ ਹੀ ਬਿੱਟੂ ਨੂੰ ਇਸ ਪਿੰਡ ਵਿੱਚ ਆਉਣ ਦੀ ਲੋੜ ਹੈ। ਅਜਿਹਾ ਕਰਨ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਨੂੰ ਲੈ ਕੇ ਰਵਨੀਤ ਬਿੱਟੂ ਨੇ ਆਪਣਾ ਪੱਖ ਰੱਖਦੇ ਹੋਏ ਪ੍ਰਤੀਕੀਰਿਆ ਦਿੱਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਖ਼ਾਲਿਸਤਾਨ ਦੇ ਪੱਖ ਦੀ ਗੱਲ ਕਰਨ ਤੋਂ ਬਾਅਦ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦੇ ਚੁੱਕੇ ਸਨ ਕਿ ਜਥੇਦਾਰ ਦੇ ਬਿਆਨ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਸਾਹਿਬ ਵੱਲੋਂ ਖ਼ਾਲਿਸਤਾਨ ਦੇ ਸਮਰਥਨ ਤੋਂ ਬਾਅਦ ਹੁਣ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੀਤੇ ਦਿਨੀਂ ਖੁਦਕੁਸ਼ੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਵੇਖ ਕੇ ਮਾਹੌਲ ਖ਼ਰਾਬ ਹੋਵੇਗਾ। ਇਸ ਕਰਕੇ ਉਨ੍ਹਾਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਅਤੇ ਡੀਐਸਪੀ ਨੂੰ ਉਕਤ ਨੌਜਵਾਨ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਤੇ ਉਸ ਨੂੰ ਛੱਡਣ ਦੀ ਅਪੀਲ ਕੀਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਜਥੇਦਾਰ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਜਥੇਦਾਰ ਨੂੰ ਖ਼ਾਲਿਸਤਾਨ ਤੇ ਰੈਫਰੈਂਡਮ 2020 ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ।