ਲੁਧਿਆਣਾ: ਸ਼ਹਿਰ ਵਿੱਚ ਪੁਲਿਸ ਵੱਲੋਂ ਦੁਸ਼ਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਕਬਜ਼ੇ ਵਿੱਚ ਲਏ ਜਾਣ ਦੀ ਖ਼ਬਰ ਹੈ। ਦੇਸ਼ ਭਰ 'ਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ। ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਰੇਲਵੇ ਲਾਈਨਾਂ ਕੋਲ ਰਾਵਣ ਦਹਿਣ ਕਰਨ 'ਤੇ ਸਖ਼ਤ ਨੋਟਿਸ ਲੈਂਦਿਆਂ ਲੁਧਿਆਣਾ ਜੀਆਰੀਪੀਐਫ਼ ਪੁਲਿਸ ਨੇ ਧੂਰੀ ਲਾਈਨਾਂ ਨੇੜਿਓਂ ਲੱਗਭਗ ਰਾਵਣ ਦਹਿਨ ਲਈ ਤਿਆਰ ਕੀਤੇ ਗਏ 9 ਰਾਵਣ ਦੇ ਬੁੱਤ ਆਪਣੇ ਕਬਜ਼ੇ ਵਿੱਚ ਲਏ। ਇਸ ਦੌਰਾਨ ਪੁਲਿਸ ਨੇ ਧਾਰਾ 102 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਦੁਸ਼ਿਹਰੇ ਵਾਲੇ ਦਿਨ ਧੂਰੀ ਲਈਨਾਂ ਨੇੜਿਉਂ ਕੁੱਲ 9 ਬੁੱਤ ਕਬਜ਼ੇ ਵਿੱਚ ਲਏ ਗਏ ਹਨ। ਜਿਨ੍ਹਾਂ ਚੋਂ ਕੁੱਝ ਰਾਵਣ ਦੇ ਪੁਤਲੇ ਤਿਆਰ ਸਨ ਅਤੇ ਕੁੱਝ ਤਿਆਰ ਕੀਤੇ ਜਾਣੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਹ ਕਾਰਵਾਈ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੀਤੀ ਹੈ ਤਾਂ ਜੋ ਪਿਛਲੇ ਸਾਲ ਅੰਮ੍ਰਿਤਸਰ ਵਾਂਗ੍ਹ ਕੋਈ ਹਾਦਸਾ ਨਾ ਵਾਪਰੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।