ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨ ਢੰਗ ਨਾਲ ਸ਼ਰਾਬ ਵੇਚਣ ਵਾਲੇ ਤਸਕਰਾਂ ਉੱਤੇ ਠੱਲ ਪਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਇਸੇ ਕੜੀ 'ਚ ਲੁਧਿਆਣਾ ਦੀ ਲਾਡੋਵਾਲ ਪੁਲਿਸ ਵੱਲੋਂ ਸਤਲੁਜ ਦਰਿਆ ਦੇ ਨੇੜਲੇ ਇਲਾਕੇ 'ਚ ਸਰਚ ਅਭਿਆਨ ਚਲਾਇਆ ਗਿਆ।
ਇਸ ਬਾਰੇ ਦੱਸਦੇ ਹੋਏ ਲਾਡੋਵਾਲ ਦੇ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਸਰਕਾਰੀ ਆਦੇਸ਼ਾਂ ਮੁਤਾਬਕ ਸ਼ਰਾਬ ਤਸਕਰਾਂ ਉੱਤੇ ਕਾਰਵਾਈ ਜਾਰੀ ਹੈ। ਇਸ ਤਹਿਤ ਲਾਡੋਵਾਲ ਪੁਲਿਸ ਵੱਲੋਂ ਸਤਲੁਜ ਦਰਿਆ ਦੇ ਕੱਢੇ 6 ਕਿੱਲੋਮੀਟਰ ਤੱਕ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਇਥੇ ਨਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਸ਼ਰਾਬ ਤਸਕਰਾਂ ਵੱਲੋਂ ਲੁਕੋ ਕੇ ਰੱਖੀ ਗਈ 20 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਲਾਹਣ ਨੂੰ ਪੁਲਿਸ ਮੁਖੀ ਦੇ ਨਿਰਦੇਸ਼ਾਂ ਮੁਤਾਬਕ ਦਰਿਆ 'ਚ ਰੋੜ ਕੇ ਨਸ਼ਟ ਕਰ ਦਿੱਤਾ ਗਿਆ।
ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਵੱਲੋਂ ਜਲਦ ਹੀ ਨਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਸ਼ਰਾਬ ਤਸਕਰਾਂ ਉੱਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।