ਲੁਧਿਆਣਾ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਲੁਧਿਆਣਾ 'ਚੋਂ ਕੋਰੋਨਾ ਵਾਇਰਸ ਦੇ 895 ਸੈਂਪਲਾਂ ਦੇ ਟੈਸਟ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 757 ਦੀ ਰਿਪੋਰਟ ਆ ਚੁੱਕੀ ਹੈ ਤੇ ਜਿਨ੍ਹਾਂ 'ਚੋਂ ਤੇ 722 ਮਾਮਲੇ ਨੈਗੇਟਿਵ ਹਨ ਜਦੋਂਕਿ 13 ਮਾਮਲੇ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। 188 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਅਗਰਵਾਲ ਨੇ ਇਹ ਵੀ ਦੱਸਿਆ ਕਿ ਕੋਰੋਨਾ ਹਾਟ-ਸਪਾਟ ਇਲਾਕਿਆਂ ਦੇ ਨਾਲ-ਨਾਲ ਹੁਣ ਨੇੜੇ ਦੇ ਇਲਾਕਿਆਂ ਦੀ ਵੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ ਕੋਈ ਵੀ ਮਾਮਲਾ ਪੌਜ਼ੀਟਿਵ ਨਹੀਂ ਆਇਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਨਹੀਂ ਆਇਆ ਕੋਰੋਨਾ ਦਾ ਕੋਈ ਨਵਾਂ ਪੌਜ਼ੀਟਿਵ ਮਾਮਲਾ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਇੱਕ ਰੈਸਟੋਰੈਂਟ ਦੇ ਫੂਡ ਸਪਲਾਈ ਕਰਨ ਵਾਲੇ ਮੁਲਾਜ਼ਮ ਨੂੰ ਕੋਰੋਨਾ ਪੌਜ਼ੀਟਿਵ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਦੇ ਸਾਰੇ ਹੋਮ ਡਿਲੀਵਰੀ ਕਰਨ ਵਾਲੇ ਰੈਸਟੋਰੈਂਟ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਤਰ੍ਹਾਂ ਦੀ ਹੋਮ ਡਿਲੀਵਰੀ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਿਵੇਂ ਜਲੰਧਰ ਤੇ ਮੋਹਾਲੀ 'ਚ ਰੈਪਿਡ ਟੈਸਟ ਸੈਂਪਲ ਕਿੱਟਾਂ ਆ ਗਈਆਂ ਹਨ, ਜਿਸ ਨਾਲ ਤੁਰੰਤ ਨਤੀਜੇ ਸਾਹਮਣੇ ਆਉਂਦੇ ਹਨ। ਲੁਧਿਆਣਾ ਵਿੱਚ ਵੀ ਇਹ ਕਿੱਟਾਂ ਜਲਦ ਆ ਜਾਣਗੀਆਂ ਜਿਨ੍ਹਾਂ ਨਾਲ ਕੋਰੋਨਾ ਦੇ ਟੈਸਟ ਲੈਣੇ ਉਨ੍ਹਾਂ ਲਈ ਸੌਖੇ ਹੋ ਜਾਣਗੇ।