ਲੁਧਿਆਣਾ: ਪੰਜਾਬ ਵਿੱਚ ਕਰਫਿਊ ਤੇ ਲੌਕਡਾਊਨ ਦੌਰਾਨ ਜਿੱਥੇ ਵੱਖ-ਵੱਖ ਵਪਾਰ ਵਿੱਚ ਮੰਦੀ ਦੀ ਮਾਰ ਪਈ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਮੁੜ ਤੋਂ ਸੁਰਜੀਤ ਹੋ ਗਈ ਹੈ। ਲੁਧਿਆਣਾ ਦਾ ਜੋ ਬੇਸਿਕ ਸਾਈਕਲ ਹੈ, ਉਸ ਦੀ ਡਿਮਾਂਡ ਲੌਕਡਾਊਨ ਦੌਰਾਨ ਵੱਧ ਗਈ ਹੈ।
ਦੂਜੇ ਪਾਸੇ ਡੀਲਰਾਂ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ। ਇਸ ਦਾ ਵੱਡਾ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਮੰਨਿਆ ਜਾ ਰਿਹਾ ਹੈ, ਕਿਉਂਕਿ ਵੱਡੀ ਤਦਾਦ 'ਚ ਜੋ ਪ੍ਰਵਾਸੀ ਲੇਬਰ ਘਰ ਵਾਪਿਸ ਪਰਤ ਰਹੇ ਹਨ ਉਹ ਬੇਸਿਕ ਸਾਈਕਲ 'ਤੇ ਹੀ ਸਫ਼ਰ ਕਰ ਰਹੇ ਹਨ।
ਲੁਧਿਆਣਾ ਦੇ ਯੂਨਾਈਟਿਡ ਸਾਈਕਲ ਪਾਰਟਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਵੀ ਇਸ ਖ਼ਬਰ ਦੀ ਤਸਦੀਕ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਮੁੜ ਤੋਂ ਬੇਸਿਕ ਸਾਈਕਲ ਦੀ ਡਿਮਾਂਡ 'ਚ ਵਾਧਾ ਹੋਇਆ ਹੈ। ਈਟੀਵੀ ਭਾਰਤ ਨੇ ਵੀ ਜਦੋਂ ਲੁਧਿਆਣਾ ਦੀ ਸਾਈਕਲ ਮਾਰਕੀਟ ਦਾ ਜਾਇਜ਼ਾ ਲਿਆ ਤਾਂ ਡੀਲਰਾਂ ਨੇ ਦੱਸਿਆ ਕਿ ਸਾਈਕਲ ਇੰਡਸਟਰੀ ਵੱਧ ਫੁੱਲ ਰਹੀ ਹੈ।