ਲੁਧਿਆਣਾ: ਕੋਰੋਨਾ ਸੰਕਟ ਦੇ ਮੱਦੇਨਜ਼ਰ ਪੰਜਾਬ 'ਚ ਲਗਾਤਾਰ ਕਰਫਿਊ ਜਾਰੀ ਹੈ। ਇਸ ਦੌਰਾਨ ਕੋਰੋਨਾ ਪੀੜਤਾਂ ਨੂੰ ਤਰਜੀਹ ਦਿੰਦੇ ਹੋਏ ਡਾਕਟਰਾਂ ਵੱਲੋਂ ਆਮ ਮਰੀਜ਼ਾਂ ਦੇ ਇਲਾਜ 'ਚ ਕੋਤਾਹੀ ਵਰਤੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਪਰ ਇਸ ਦੌਰਾਨ ਸਮਰਾਲਾ ਦੇ ਇੱਕ ਐਂਬੂਲੈਂਸ ਡਰਾਈਵਰ ਨੇ ਪ੍ਰਵਾਸੀ ਮਜ਼ਦੂਰ ਦੇ ਬਿਮਾਰ ਬੱਚੇ ਦੀ ਮਦਦ ਕਰ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਬੱਚੇ ਦੇ ਠੀਕ ਹੋਣ ਮਗਰੋਂ ਵਾਪਸ ਸਮਰਾਲਾ ਆਉਣ ਤੇ ਐਮਸੀ ਵੱਲੋਂ ਡਰਾਈਵਰ ਨੂੰ ਸਨਮਾਨਤ ਕੀਤਾ ਗਿਆ।
ਇਸ ਬਾਰੇ ਨਗਰ ਕੌਂਸਲ ਅਧਿਕਾਰੀ ਅੰਮ੍ਰਿਤਾ ਪੂਰੀ ਨੇ ਦੱਸਿਆ ਕਿ ਕਰਫਿਊ ਕਾਰਨ ਆਵਾਜਾਈ ਬੰਦ ਹੋਣ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਤੇ ਉਸ ਦੀ ਪਤਨੀ ਆਪਣੇ ਬਿਮਾਰ ਬੱਚੇ ਨੂੰ ਇਲਾਜ ਲਈ ਸਮਰਾਲਾ ਤੋਂ ਪੀਜੀਆਈ ਚੰਡੀਗੜ੍ਹ ਸਾਈਕਲ 'ਤੇ ਲੈ ਕੇ ਜਾ ਰਹੇ ਸਨ, ਕਿਸੇ ਰਾਹਗੀਰ ਨੇ ਫੋਨ ਕਰ ਐਂਬੂਲੈਂਸ ਚਾਲਕ ਤੋਂ ਮਦਦ ਕਰਨ ਲਈ ਆਖਿਆ। ਐਂਬੂਲੈਂਸ ਡਰਾਈਵਰ ਸਤੀਸ਼ ਨੇ ਮੌਕੇ 'ਤੇ ਪਹੁੰਚ ਕੇ ਬਿਮਾਰ ਬੱਚੇ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਪ੍ਰਵਾਸੀ ਜੋੜੇ ਦੀ ਮੁਫ਼ਤ ਸੇਵਾ ਕਰਕੇ ਸਤੀਸ਼ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਇਸ ਲਈ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਬੱਚੇ ਦੇ ਮਾਤਾ ਪਿਤਾ ਨੂੰ ਵੀ ਸਨਮਾਨਿਤ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਬੱਚੇ ਨੂੰ ਇਲਾਜ ਲਈ ਸਾਈਕਲ 'ਤੇ ਪੀਜੀਆਈ ਲਿਜਾਣ ਦਾ ਹੌਸਲਾ ਵਿਖਾਇਆ। ਇਸ ਨੇਕ ਕੰਮ ਲਈ ਸਮਰਾਲਾ ਵਾਸੀਆ ਨੇ ਸਨਮਾਨ ਕੀਤਾ ਅਤੇ ਉਸ ਗਰੀਬ ਪਰਿਵਾਰ ਨੂੰ ਰਾਸ਼ਨ ਵੀ ਦਿਤਾ।
ਐਂਬੂਲੈਂਸ ਡਰਾਈਵਰ ਨੇ ਦੱਸਿਆ ਚਾਰ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਰਾਹਗੀਰ ਨੇ ਫੋਨ ਕਰ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਆਪਣੇ ਬੱਚੇ ਨੂੰ ਇਲਾਜ ਲਈ ਸਾਈਕਲ ਤੇ ਪੀਜੀਆਈ ਲਿਜਾਣ ਬਾਰੇ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੌਕੇ 'ਤੇ ਪੁਜ ਕੇ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਦੇ ਠੀਕ ਹੋਣ ਤੋਂ ਬਾਅਦ ਉਹ ਉਨ੍ਹਾਂ ਨੂੰ ਘਰ ਛੱਡਣ ਜਾ ਰਹੇ ਹਨ ਤੇ ਇੰਝ ਮਦਦ ਕਰਕੇ ਉਹ ਬੇਹਦ ਖੁਸ਼ੀ ਮਹਿਸੂਸ ਕਰ ਰਹੇ ਹਨ।