ਲੁਧਿਆਣਾ: ਨਿੱਜੀ ਹਸਪਤਾਲਾਂ ਦੀ ਲੁੱਟ ਖਸੁੱਟ ਤੋਂ ਤੰਗ ਹੋ ਕੇ ਗਰਭਵਤੀ ਮਹਿਲਾਵਾਂ ਹੁਣ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਡਿਲੀਵਰੀ ਕਰਵਾ ਰਹੀਆਂ ਹਨ। ਲੁਧਿਆਣਾ ਸਿਵਲ ਹਸਪਤਾਲ 'ਚ ਚੱਲ ਰਹੇ ਜੱਚਾ ਬੱਚਾ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਮਲਵਿੰਦਰ ਮਾਲਾ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਨਿੱਜੀ ਹਸਪਤਾਲਾਂ ਵੱਲੋਂ ਗਰਭਵਤੀ ਮਹਿਲਾਵਾਂ ਦੀ ਡਿਲੀਵਰੀ ਲਈ ਇਨਕਾਰ ਕੀਤਾ ਜਾ ਰਿਹਾ ਹੈ। ਖਾਸ ਕਰਕੇ ਜੋ ਮਹਿਲਾਵਾਂ ਕੋਰੋਨਾ ਤੋਂ ਪੀੜਤ ਹਨ।
ਨਿੱਜੀ ਹਸਪਤਾਲ ਨਹੀਂ ਕਰ ਰਹੇ ਕੋਵਿਡ ਪੌਜ਼ੀਟਿਵ ਗਰਭਵਤੀ ਮਹਿਲਾਵਾਂ ਦੀ ਡਿਲੀਵਰੀ
ਮਲਵਿੰਦਰ ਮਾਲਾ ਨੇ ਦੱਸਿਆ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਗਰਭਵਤੀ ਮਹਿਲਾਵਾਂ ਦੀ ਡਿਲੀਵਰੀ ਨਹੀਂ ਹੋ ਰਹੀ। ਉਨ੍ਹਾਂ ਕੋਲ ਜ਼ਿਆਦਾਤਰ ਮਹਿਲਾਵਾਂ ਨਿੱਜੀ ਹਸਪਤਾਲਾਂ ਤੋਂ ਰੈਫਰ ਹੋ ਕੇ ਹੀ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਦਰ ਚਾਈਲਡ ਹਸਪਤਾਲ 'ਚ 70 ਤੋਂ ਵੱਧ ਕੋਰੋਨਾ ਪੀੜਤ ਗਰਭਵਤੀ ਮਹਿਲਾਵਾਂ ਦੀ ਡਿਲੀਵਰੀ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਗਰਭਵਤੀ ਮਹਿਲਾਵਾਂ ਨੇ ਵੀ ਕਿਹਾ ਕਿ ਨਿੱਜੀ ਹਸਪਤਾਲਾਂ ਨਾਲੋਂ ਸਰਕਾਰੀ ਹਸਪਤਾਲਾਂ ਵਿੱਚ ਉਨ੍ਹਾਂ ਦੀ ਸਹੀ ਦੇਖ-ਰੇਖ ਹੋ ਰਹੀ ਹੈ।
ਸਰਕਾਰੀ ਹਸਪਤਾਲ 'ਚ ਹੋ ਰਿਹਾ ਮੁਫ਼ਤ ਇਲਾਜ
ਮਲਵਿੰਦਰ ਮਾਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਇਨ੍ਹਾਂ ਮਹਿਲਾਵਾਂ ਦੀ ਡਿਲੀਵਰੀ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ। ਜਦੋਂ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਅਜਿਹਾ ਨਹੀਂ ਹੁੰਦਾ। ਉੱਥੇ ਹੀ ਗਰਭਵਤੀ ਮਹਿਲਾਵਾਂ ਨੇ ਵੀ ਦੱਸਿਆ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਵੱਧ ਫੀਸਾਂ ਲਈਆਂ ਜਾਂਦੀਆਂ ਹਨ। ਜਦੋਂ ਕਿ ਸਰਕਾਰੀ ਹਸਪਤਾਲ 'ਚ ਉਨ੍ਹਾਂ ਨੂੰ ਮੁਫ਼ਤ ਇਲਾਜ ਮਿਲ ਰਿਹਾ ਹੈ।