ਲੁਧਿਆਣਾ : ਗਾਇਕ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਪੱਤਰਕਾਰ ਭਾਈਚਾਰੇ ਵਿਰੁੱਧ ਗ਼ਲਤ ਸ਼ਬਦਾਵਲੀ ਵਰਤਣਾ ਭਾਰੀ ਪੈ ਗਿਆ। ਪੰਜਾਬ ਭਰ 'ਚ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਵਿਰੁੱਧ ਵੱਖ-ਵੱਖ ਸੰਸਥਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਕੜੀ 'ਚ ਲੁਧਿਆਣਾ ਵਿਖੇ ਲੋਕ ਜਨ ਸ਼ਕਤੀ ਪਾਰਟੀ ਦੇ ਵਰਕਰਾਂ ਨੇ ਸਿੱਧੂ ਮੂਸੇਵਾਲਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗਾਇਕ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਸਾੜਿਆ।
ਲੋਕ ਜਨ ਸ਼ਕਤੀ ਪਾਰਟੀ ਦੇ ਜਨਰਲ ਸਕੱਤਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਆਪਣਾ ਆਪਾ ਖੋਹ ਬੈਠੇ ਹਨ। ਇਸ ਕਾਰਨ ਗਾਇਕ ਨੇ ਮੀਡੀਆ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਸੁਸ਼ੀਲ ਰਿੰਕੂ ਨੇ ਗਾਇਕ ਵਿਰੁੱਧ ਆਪਣਾ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਹਥਿਆਰਾਂ ਤੇ ਹਿੰਸਕ ਭਾਵਨਾਵਾਂ ਨੂੰ ਵਧਾਵਾ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਹਥਿਆਰ ਚਲਾਉਂਦੇ ਹੋਏ ਵੀਡੀਓ ਵਾਇਰਲ ਕਰ ਰਹੇ ਹਨ। ਸੁਸ਼ੀਲ ਨੇ ਕਿਹਾ ਕਿ ਇਨ੍ਹਾਂ ਵੀਡੀਓ ਤੇ ਗੀਤਾਂ ਨਾਲ ਨੌਜਵਾਨ ਪੀੜ੍ਹੀ ਨੂੰ ਗ਼ਲਤ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਦਾ ਉਨ੍ਹਾਂ ਦੇ ਜੀਵਨ 'ਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਪੰਜਾਬ ਪੁਲਿਸ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।