ਲੁਧਿਆਣਾ : ਸ਼ਹਿਰ ਦੇ ਵਿਚਾਲੇ ਬਣੇ ਨੌਹਰਿਆਂ ਇਲਾਕੇ 'ਚ ਠਾਕੁਰ ਦੁਆਰਾ ਹਨੁਮਾਨ ਮੰਦਰ ਦਾ ਇਤਿਹਾਸ ਤਕਰੀਬਨ 400 ਸਾਲਾਂ ਤੋਂ ਵੱਧ ਪੁਰਾਣਾ ਹੈ। ਇਥੇ ਭਗਵਾਨ ਹਨੁਮਾਨ ਦੀ ਵਿਸ਼ੇਸ਼ ਮੂਰਤੀ ਸਥਾਪਤ ਹੈ। ਇਥੇ ਲੋਕਾਂ ਨੂੰ ਹਨੁਮਾਨ ਜੀ ਦੇ ਸ਼ਿੰਗਾਰ ਲਈ ਲਗਭਗ 20 ਸਾਲਾਂ ਤੱਕ ਉਡੀਕ ਕਰਨੀ ਪੈਂਦੀ ਹੈ। ਜਾਣੋ ਇਸ ਮੰਦਰ ਦਾ ਇਤਿਹਾਸ।
ਪੰਡਤ ਮੁਤਾਬਕ, ਜੇਕਰ ਕੋਈ ਸ਼ਰਧਾਲੂ ਹਨੂੰਮਾਨ ਜੈਅੰਤੀ ਮੌਕੇ ਭਗਵਾਨ ਹਨੂੰਮਾਨ ਜੀ ਦੀ ਮੂਰਤੀ ਦਾ ਸ਼ਿੰਗਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 20 ਸਾਲ ਦੀ ਉਡੀਕ ਕਰਨੀ ਪਵੇਗੀ, ਤੇ ਜੇਕਰ ਮੰਗਲਵਾਰ ਜਾਂ ਸ਼ਨੀਵਾਰ ਹਨੂੰਮਾਨ ਜੀ ਦੀ ਮੂਰਤੀ ਦਾ ਸ਼ਿੰਗਾਰ ਕਰਨਾ ਹੈ ਤਾਂ 2 ਸਾਲ ਤੱਕ ਦੀ ਉਡੀਕ ਕਰਨੀ ਪਵੇਗੀ। ਇਥੇ ਕਿਉਂਕਿ ਸ਼ਰਧਾਲੂਆਂ ਦਾ ਵਿਸ਼ਵਾਸ ਇਸ ਮੰਦਰ 'ਚ ਇੰਨਾ ਹੈ ਕਿ ਹਰ ਸਮੇਂ ਇਥੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਪੰਡਤ ਨੇ ਦੱਸਿਆ ਕਿ ਇਥੋਂ ਦੀ ਵਿਲੱਖਣ ਗੱਲ ਇਹ ਵੀ ਹੈ ਕਿ ਇਥੇ ਮੂਰਤੀ ਦਾ ਸ਼ਿੰਗਾਰ ਸਿੰਦੂਰ ਨਾਲ ਨਹੀਂ ਸਗੋਂ, ਚਮੇਲੀ ਦੇ ਤੇਲ ਤੇ ਸਿੰਗਰਫ ਦਾ ਘੋਲ ਤਿਆਰ ਕਰਕੇ ਕੀਤਾ ਜਾਂਦਾ ਹੈ।ਸ਼ਿੰਗਾਰ ਦੌਰਾਨ ਮੂਰਤੀ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਮੂਰਤੀ ਦਾ ਕੁਦਰਤੀ ਰੂਪ 'ਚ ਬਰਕਰਾਰ ਰਹੇ। ਅਜਿਹੀ ਮਾਨਤਾ ਹੈ ਕਿ ਜੇਕਰ ਮੰਗਲਵਾਰ ਦੇ ਦਿਨ 8 ਹਫ਼ਤੇ ਇੱਥੇ ਚੌਂਕੀ ਭਰੀ ਜਾਵੇ ਤਾਂ ਮਨਚਾਹੀ ਮੁਰਾਦ ਪੂਰੀ ਹੁੰਦੀ ਹੈ।
ਇਥੋਂ ਦੇ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਇਸ ਮੰਦਰ ਪ੍ਰਤੀ ਬੇਹਦ ਸ਼ਰਧਾ ਰੱਖਦੇ ਹਨ। ਉਹ ਮੰਦਰ ਆ ਕੇ ਚੰਗਾ ਮਹਿਸੂਸ ਕਰਦੇ ਹਨ। ਕਿਉਂਕਿ ਇਸ ਦੀ ਮਾਨਤਾ ਹੈ ਕਿ ਇਥੇ ਆ ਕੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਹਨੁਮਾਨ ਜੀ ਦੀ ਮੂਰਤੀ ਦਾ ਅਜਿਹਾ ਰੂਪ ਉਨ੍ਹਾਂ ਨੂੰ ਕਿਤੇ ਵੀ ਹੋਰ ਵੇਖਣ ਨੂੰ ਨਹੀਂ ਮਿਲਿਆ।