ਲੁਧਿਆਣਾ: ਰਾਏਕੋਟ ਦਾਣਾ ਮੰਡੀ 'ਚ ਮਨਾਏ ਗਏ 72ਵੇਂ ਗਣਤੰਤਰ ਦਿਵਸ ਸਮਾਗਮ 'ਤੇ ਕੋਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਦਾ ਅਸਰ ਦੇਖਣ ਮਿਲਿਆ, ਜਿਸ ਦੇ ਚਲਦੇ ਇਹ ਸਮਾਗਮ ਸੰਖੇਪ ਰੱਖਿਆ ਗਿਆ। ਸਮਾਗਮ ਵਿੱਚ ਇਕੱਠ ਕਾਫੀ ਘੱਟ ਨਜ਼ਰ ਆਇਆ ਅਤੇ ਸਿਰਫ਼ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਸਣੇ ਕੁੱਝ ਚੋਣਵੇਂ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਸਗੋਂ ਕੋਰੋਨਾ ਕਾਰਨ ਆਜ਼ਾਦੀ ਘੁਲਾਟੀਏ ਤੇ ਕਾਰਗਿਲ ਸ਼ਹੀਦਾਂ ਦੇ ਪਰਵਾਰਾਂ ਦਾ ਸਨਮਾਨ ਵੀ ਘਰਾਂ 'ਚ ਭੇਜੇ ਗਏ।
ਸਮਾਗਮ ਦੌਰਾਨ ਐਸਡੀਐਮ ਰਾਏਕੋਟ ਡਾ.ਹਿਮਾਂਸ਼ੂ ਗੁਪਤਾ ਵੱਲੋਂ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਉੱਥੇ ਹੀ ਉਨ੍ਹਾਂ ਪੰਜਾਬ ਪੁਲਿਸ ਦੀ ਟੁਕੜੀ, ਐਨਸੀਸੀ ਕੈਡਿਟ ਅਤੇ ਵੱਖ-ਵੱਖ ਸਕੂਲੀ ਬੱਚਿਆਂ ਦੀ ਪਰੇਡ ਦੀ ਸਲਾਮੀ ਲਈ ਗਈ।
ਇਸ ਮੌਕੇ ਉਨ੍ਹਾਂ ਸਲਾਮੀ 'ਚ ਭਾਗ ਲੈਣ ਵਾਲੀਆ ਟੀਮਾਂ ਨੂੰ ਸਨਮਾਨਿਤ ਕੀਤਾ, ਉਥੇ ਹੀ ਕੋਵਿਡ-19 ਦੌਰਾਨ ਬੇਹਤਰੀਨ ਸੇਵਾਵਾਂ ਦੇਣ ਲਈ ਸਬ-ਡਵੀਜ਼ਨ ਰਾਏਕੋਟ ਅਧੀਨ ਪੈਂਦੇ ਸਿਹਤ ਵਿਭਾਗ ਦੇ ਰਾਏਕੋਟ, ਗੁਰੂਸਰ ਸੁਧਾਰ ਤੇ ਪੱਖੋਵਾਲ ਦੇ ਸਮੂਹ ਸਟਾਫ਼ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਪ੍ਰੰਤੂ ਕੋਰੋਨਾ ਮਹਾਮਾਰੀ ਦੇ ਚਲਦੇ ਕੋਈ ਵੀ ਸਭਿਆਚਾਰਕ ਪ੍ਰੋਗਰਾਮ ਪੇਸ਼ ਨਹੀਂ ਕੀਤਾ ਗਿਆ।
ਐਸਡੀਐਮ ਗੁਪਤਾ ਨੇ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸੰਘਰਸ਼ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਜਿਸ ਤਹਿਤ ਪਿਛਲੇ ਸਾਲ ਅਸੀਂ ਕੋਰੋਨਾ ਮਹਾਂਮਾਰੀ ਖਿਲਾਫ਼ ਸੰਘਰਸ਼ ਲੜਿਆ ਸੀ ਅਤੇ ਹੁਣ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਹਨ' ਬਲਕਿ ਸਾਡਾ ਸੰਵਿਧਾਨ ਸਾਨੂੰ ਰਾਹ ਦਿਖਾਉੰਦਾ ਹੈ, ਜੋ ਸਾਨੂੰ ਸਮੱਸਿਆ ਦਾ ਹੱਲ ਲੱਭਣ 'ਚ ਮਦਦ ਕਰਦਾ ਹੈ।