ਲੁਧਿਆਣਾ: ਕਸਬਾ ਡੇਹਲੋਂ ਦੇ ਪਿੰਡ ਖ਼ਾਨਪੁਰ ਵਿੱਚ ਰਹਿ ਰਹੇ ਡੇਰੇ ਦੇ ਬਜ਼ੁਰਗ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਰਾਜ਼ੀ ਕਰਵਾਉਣ ਪੁੱਜੇ ਸਿਹਤ ਵਰਕਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਿਹਤ ਵਰਕਰ ਦੀ ਪੱਗ ਤੱਕ ਖੁੱਲ੍ਹ ਗਈ। ਉਸ ਨਾਲ ਨਾ ਸਿਰਫ਼ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸਗੋਂ ਉਸ ਨੂੰ ਬੰਧਕ ਵੀ ਬਣਾ ਲਿਆ ਗਿਆ ਪਰ ਸਿਹਤ ਮਹਿਕਮੇ ਦੀ ਟੀਮ ਵੱਲੋਂ ਜਾ ਕੇ ਪੀੜਤ ਵਰਕਰ ਨੂੰ ਛੁੜਵਾਇਆ ਗਿਆ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ 3 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਹੈਲਥ ਵਰਕਰ ਦੀ ਕੁੱਟਮਾਰ ਕਰਨ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸਿਹਤ ਮਹਿਕਮੇ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ, ਪੀੜਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਸਪਤਾਲ 'ਚ ਦਾਖ਼ਲ ਮਸਤਾਨ ਸਿੰਘ ਨੇ ਦੱਸਿਆ ਕਿ ਉਹ ਸਬ ਸੈਂਟਰ ਜਰਖੜ ਸਥਿਤ ਮਲਟੀਪਰਪਜ਼ ਹੈਲਥ ਵਰਕਰ ਦੇ ਤੌਰ 'ਤੇ ਕੰਮ ਕਰਦਾ ਹੈ। ਬੀਤੇ ਦਿਨੀਂ ਡਾ. ਅੰਮ੍ਰਿਤ ਅਰੋੜਾ ਨੇ ਉਸ ਨੂੰ ਪਿੰਡ ਖਾਨਪੁਰ ਵਿੱਚ ਸਥਿਤ ਡੇਰੇ ਅੰਦਰ ਸ਼ੱਕੀਆਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਕਹਿਣ ਗਏ ਸਨ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਬੰਦੀ ਬਣਾ ਲਿਆ ਗਿਆ।
ਦੂਜੇ ਪਾਸੇ ਸੀਐਚਸੀ ਡੇਹਲੋਂ ਡਾ. ਅੰਮ੍ਰਿਤਾ ਅਰੋੜਾ ਨੇ ਦੱਸਿਆ ਕਿ ਮਸਤਾਨ ਸਿੰਘ ਫੀਲਡ ਹੈਲਥ ਵਰਕਰ ਦੇ ਵਜੋਂ ਕੰਮ ਕਰਦਾ ਹੈ। ਉਸ ਨੂੰ ਬੀਤੇ ਦਿਨ ਉਨ੍ਹਾਂ ਵੱਲੋਂ ਹੀ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਸਬ ਸੈਂਟਰ 'ਚ ਤਾਇਨਾਤ ਦੂਜੀ ਹੈਲਥ ਵਰਕਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਜਾ ਕੇ ਬੜੀ ਮੁਸ਼ਕਿਲ ਦੇ ਨਾਲ ਮਸਤਾਨ ਨੂੰ ਛੁੜਵਾਇਆ ਗਿਆ।
ਦੂਜੇ ਪਾਸੇ ਥਾਣਾ ਡੇਹਲੋਂ ਦੀ ਇਹ ਏਐਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 3 ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ। ਪੀੜਤਾ ਦੇ ਬਿਆਨ ਵੀ ਲੈ ਲਏ ਗਏ ਹਨ ਜਿਸ ਦੇ ਅਧਾਰ 'ਤੇ ਮੁਲਜ਼ਮਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਜ਼ਿਕਰੇ-ਖ਼ਾਸ ਹੈ ਕਿ ਇੱਥੇ ਲੁਧਿਆਣਾ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਆਪਣੇ ਪੈਰ ਪਸਾਰ ਰਹੀ ਹੈ। ਉਥੇ ਹੀ ਫ਼ਰੰਟ ਲਾਈਨ 'ਤੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਰਾਜ਼ੀ ਕਰਨ ਵਾਲੇ ਸਿਹਤ ਕਾਮਿਆਂ ਦੇ ਨਾਲ ਅਜਿਹੇ ਸਲੂਕ ਦੀ ਵੀਡੀਓ ਸਾਹਮਣੇ ਆਉਣਾ ਇੱਕ ਨਿੰਦਾਯੋਗ ਘਟਨਾ ਹੈ।