ਲੁਧਿਆਣਾ: ਮਾਨਸੂਨ ਦੀ ਪਲੇਠੀ ਬਾਰਿਸ਼ ਰਾਏਕੋਟ ਇਲਾਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਵੱਡੀ ਗਿਣਤੀ ’ਚ ਕਿਸਾਨਾਂ ਲਈ ਆਫਤ ਬਣ ਕੇ ਆਈ ਹੈ।ਜਿਸ ਦੌਰਾਨ ਪਿੰਡ ਸੁਖਾਣਾ ਵਿਖੇ ਦਰਜਨਾਂ ਕਿਸਾਨਾਂ ਵੱਲੋਂ ਬੀਜਿਆ ਸੈਂਕੜੇ ਏਕੜ ਝੋਨਾ ਮੀਂਹ ਦੇ ਪਾਣੀ ਵਿੱਚ ਡੁੱਬਣ ਕਾਰਨ ਨੁਕਸਾਨਿਆ ਗਿਆ। ਉਥੇ ਹੀ ਇਸ ਪਾਣੀ ਦੀ ਮਾਰ ਦਾ ਅਸਰ ਪਿੰਡ ਸੁਖਾਣਾ ਸਮੇਤ ਪਿੰਡ ਭੈਣੀ ਦਰੇੜਾ, ਲੱਖਾ ਸਿੰਘ ਵਾਲਾ, ਕਿਸ਼ਨਗੜ੍ਹ ਛੰਨਾ, ਭੈਣੀ ਬੜਿੰਗਾ ਵਿਚ ਵੀ ਦੇਖਣ ਨੂੰ ਮਿਲਿਆ ਹੈ।
ਇਸ ਨੂੰ ਲੈ ਕੇ ਜਾਣਕਾਰੀ ਦਿੰਦਿਆ ਪਿੰਡ ਸੁਖਾਣਾ ਦੇ ਕਿਸਾਨਾਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਪਿੰਡ ਰਛੀਨ, ਤੂੰਗਾਹੇੜੀ, ਬੜੂੰਦੀ, ਅਕਾਲਗੜ੍ਹ ਆਦਿ ਪਿੰਡਾਂ ਦੇ ਖੇਤਾਂ ਵਿੱਚ ਆਇਆ ਬਰਸਾਤੀ ਪਾਣੀ ਪਿੰਡ ਸੁਖਾਣਾ-ਪਿੰਡ ਭੈਣੀ ਦਰੇੜਾ ਲਿੰਕ ਸੜਕ ’ਤੇ ਅੱਗੇ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਦੇ ਖੇਤਾਂ ਵਿਚ ਜਮ੍ਹਾਂ ਹੋ ਗਿਆ। ਲਿੰਕ ਸੜਕ ਅਤੇ ਅਗਲੀਆਂ ਹੋਰ ਸੜਕਾਂ ਦੇ ਪੁਨਰ-ਨਿਰਮਾਣ ਮੌਕੇ ਮੰਡੀਕਰਨ ਬੋਰਡ ਅਤੇ ਠੇਕੇਦਾਰ ਵੱਲੋਂ ਸੜਕਾਂ ਵਿਚਕਾਰ ਲੋੜੀਂਦੀਆਂ ਥਾਵਾਂ ’ਤੇ ਸਾਈਫਨ ਨਾ ਦੱਬਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਗਈ। ਇਹ ਹੀ ਕਾਰਨ ਹੈ ਕਿ ਦਰਜਨਾਂ ਕਿਸਾਨਾਂ ਦਾ ਬੀਜਿਆ ਸੈਕੜੇ ਏਕੜ ਝੋਨਾ ਡੁੱਬਣ ਕਾਰਨ ਨੁਕਸਾਨਿਆ ਗਿਆ।
ਉਨ੍ਹਾਂ ਕਿਹਾ ਕਿ ਸਾਨੂੰ ਦੂਹਰੀ ਮਾਰ ਪੈ ਗਈ ਕਿਉਂਕਿ ਪਹਿਲਾਂ ਝੋਨੇ ਬਿਜਾਈ ’ਤੇ ਖਰਚਾ ਕੀਤਾ ਅਤੇ ਹੁਣ ਦੁਬਾਰਾ ਬਿਜਾਈ ’ਤੇ ਖਰਚਾ ਕਰਨਾ ਪਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਮੁਆਵਜਾ ਦਿੱਤਾ ਜਾਵੇ ਅਤੇ ਸੜਕਾਂ ਵਿੱਚ ਢੁਕਵੀਂਆਂ ਥਾਵਾਂ ’ਤੇ ਸਾਈਫਨ ਦਬਾਏ ਜਾਣ ਤਾਂ ਜੋ ਉਨ੍ਹਾਂ ਮੁੜ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਨਰਮੇਂ ਦੀ ਫਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ, ਚਿੰਤਾ ’ਚ ਕਿਸਾਨ