ਲੁਧਿਆਣਾ: ਜ਼ਿਲ੍ਹੇ ਦੇ ਥਾਣਾ ਟਿੱਬਾ ਅਧੀਨ ਪੈਂਦੇ ਗੁਰੂ ਕਿਰਪਾ ਕਾਲੋਨੀ ਚ ਕੁੱਤੇ ਦੇ ਕਾਰਨ ਦੋ ਗੁਆਂਢੀਆਂ ਵਿਚਾਲੇ ਝਗੜਾ ਹੋ ਗਿਆ। ਝਗੜੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮਾਮਲੇ ਸਬੰਧੀ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮ ਖਿਲਾਫ ਸ਼ਿਕਾਇਤ ਥਾਣਾ ਟਿੱਬਾ ਚ ਦਿੱਤੀ ਸੀ ਪਰ 6 ਦਿਨ ਬੀਤ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਸਗੋਂ ਉਸ ’ਤੇ ਹੀ ਫੈਸਲਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਮਾਮਲੇ ਸਬੰਧੀ ਪੀੜਤ ਮਹਿਲਾ ਨੇ ਦੱਸਿਆ ਕਿ 6 ਦਿਨ ਪਹਿਲਾਂ ਉਸਦੇ ਗੁਆਂਢੀ ਦੇ ਕੁੱਤੇ ਵੱਲੋ ਗੇਟ ਅੱਗੇ ਗੰਦ ਪਾਉਣ ਦੀ ਸ਼ਿਕਾਇਤ ਉਸਨੂੰ ਕੀਤੀ ਸੀ। ਜਿਸ ’ਤੇ ਉਸਦਾ ਗੁਆਂਢੀ ਭੜਕ ਗਿਆ ਅਤੇ ਗਾਲੀ ਗਲੋਚ ਕਰਨ ਲੱਗਾ। ਮਹਿਲਾ ਵੱਲੋਂ ਇਤਰਾਜ ਕਰਨ ’ਤੇ ਉਸਦੇ ਗੁਆਂਢੀ ਨੇ ਆਪਣੇ ਘਰੋਂ ਕਹੀ ਲਿਆ ਕੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਅਤੇ ਉਸਦੇ ਦੋ ਬੱਚੇ ਜ਼ਖਮੀ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੱਸ ਦਈਏ ਕਿ ਥਾਣੇ ਵਿੱਚ ਸੁਣਵਾਈ ਨਾ ਹੋਣ ’ਤੇ ਪੀੜਤ ਮਹਿਲਾ ਨੇ ਏਡੀਸੀਪੀ 4 ਕੋਲ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਗਾਈ ਹੈ।
ਦੂਜੇ ਪਾਸੇ ਏਡੀਸੀਪੀ 4 ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਇਹ ਮਾਮਲਾ ਦੋ ਗੁਆਂਢੀਆਂ ਦੀ ਆਪਸੀ ਝਗੜੇ ਦਾ ਹੈ ਜਿਸਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।