ਲੁਧਿਆਣਾ : ਰਾਏਕੋਟ ਵਿਖੇ ਸਥਿਤ ਪਿੰਡ ਬੁਰਜ ਹਰੀ ਸਿੰਘ ਵਿੱਚ ਜ਼ਮੀਨੀ ਝਗੜੇ ਕਾਰਨ ਇੱਕ ਪਿਉ-ਧੀ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਕੁੱਝ ਲੋਕਾਂ ਉੱਤੇ ਜਬਰਨ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪਿਤਾ ਅਤੇ ਧੀ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਸਮੇਂ ਪਹਿਲਾਂ ਪਿੰਡ ਠੱਕਰਵਾਲ ਦੇ ਕੁੱਝ ਲੋਕਾਂ ਨੂੰ ਉਸ ਦੇ ਭਰਾਵਾਂ ਨੇ ਜੱਦੀ ਜਮੀਨ 'ਚੋਂ ਕੁੱਝ ਜ਼ਮੀਨ ਵੇਚੀ ਸੀ। 12 ਜੂਨ ਨੂੰ ਉਕਤ ਲੋਕ ਆਏ ਅਤੇ ਉਹ ਜਬਰਨ ਉਨ੍ਹਾਂ ਦੇ ਹਿੱਸੇ 'ਚ ਪੈਂਦੀ 7 ਕਨਾਲਾਂ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਜਦਕਿ ਉਹ ਜ਼ਮੀਨ ਉਸ ਦੇ ਭਰਾਵਾਂ ਦੀ ਨਹੀਂ ਸੀ ਤੇ ਨਾਂ ਹੀ ਉਹ ਜ਼ਮੀਨ ਵੇਚੀ ਗਈ ਸੀ। ਪੀੜਤ ਸਰਵਨ ਸਿੰਘ ਨੇ ਦੱਸਿਆ ਕਿ ਉਕਤ ਲੋਕ ਉਨ੍ਹਾਂ ਦੀ ਜ਼ਮੀਨ ਤੇ ਜਬਰਨ ਮੱਕੀ ਵਾਹ ਰਹੇ ਸੀ, ਉਸ ਨੇ ਆਪਣੀ ਧੀ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਂ ਮੰਨੇ। ਇਸ ਲਈ ਉਸ ਦੀ ਧੀ ਹਰਪ੍ਰੀਤ ਕੌਰ ਵੀਡਿਓ ਬਣਾਉਣ ਲੱਗ ਪਈ। ਵੀਡੀਓ ਬਾਣਉਂਦੇ ਵੇਖ ਉਹ ਭੜਕ ਗਏ ਤੇ ਮੁਲਜ਼ਮਾਂ ਨੇ ਉਸ ਦੀ ਬੇਟੀ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਕਾਰਨ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਵੀ ਆਈਆਂ।
ਪੀੜਤਾਂ ਨੇ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਦੀ ਮਦਦ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਬਾਰੇ ਦੱਸਦੇ ਹੋਏ ਰਾਏਕੋਟ ਦੇ ਡੀਐਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਨੇ ਦੱਸਿਆ ਕਿ ਜਿਸ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ , ਉਨ੍ਹਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ।