ਲੁਧਿਆਣਾ: ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਧਰਨਾ ਅੱਜ ਖ਼ਤਮ ਹੋ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (Sanyukt Kisan Morcha) ਨੇ ਇਸ ਦਿਨ ਨੂੰ 'ਵਿਜੇ ਦਿਵਸ' (Farmers Vijay Diwas celebration) ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ, ਜਿਸ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀ ਕਿਸਾਨ ਆਪਣੇ ਘਰਾਂ ਨੂੰ ਪਰਤ ਜਾਣਗੇ।
ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਲੜ ਰਹੇ ਕਿਸਾਨਾਂ ਵੱਲੋਂ ਅੱਜ ਅਰਦਾਸ ਕਰਨ ਤੋਂ ਬਾਅਦ ਪੰਜਾਬ ਵੱਲ ਚਾਲੇ ਪਾ ਦਿੱਤੇ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਲਗਾਤਾਰ ਟਰਾਲੀਆਂ ਪਹੁੰਚ ਰਹੀਆਂ ਹਨ, ਜਿਨ੍ਹਾਂ ਦਾ ਭਰਵਾਂ ਸਵਾਗਤ ਸਥਾਨਕ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ।
ਕਿਵੇਂ ਕੀਤਾ ਜਾ ਰਿਹਾ ਖੁਸ਼ੀ ਦਾ ਇਜ਼ਹਾਰ
ਲਾਡੋਵਾਲ ਟੋਲ ਪਲਾਜ਼ਾ 'ਤੇ ਦਿੱਲੀ ਤੋਂ ਟਰਾਲੀਆਂ ਪਹੁੰਚਣ 'ਤੇ ਸਥਾਨਕ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ। ਫੁੱਲਾਂ ਦੀ ਵਰਖਾ ਕੀਤੀ ਗਈ। ਭੰਗੜੇ ਪਏ ਗਏ, ਲੱਡੂ ਖਵਾ ਕੇ ਮੂੰਹ ਮਿੱਠਾ ਕੀਤਾ ਅਤੇ ਇੱਕ ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ।
ਇਸ ਦੌਰਾਨ ਦਿੱਲੀ ਤੋਂ ਪਰਤੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਕਦਰ ਮੋਰਚਾ ਫ਼ਤਹਿ ਕਰਕੇ ਪਰਤਣਗੇ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਸਵਾਗਤ ਹੋਵੇਗਾ।
ਕਿਸਾਨ ਹੋਏ ਭਾਵੁਕ
ਭਾਵੁਕ ਹੁੰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਈ ਸਾਥੀ ਵੀ ਉਥੇ ਗਵਾ ਲਏ, ਜਿਸ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਹੈ। ਕਿਸਾਨਾਂ ਨੇ ਕਿਹਾ ਕਿ ਜਿੱਤ ਦੀ ਖੁਸ਼ੀ ਵੀ ਹੈ, ਪਰ ਨਾਲ ਹੀ ਇਸ ਦਾ ਗ਼ਮ ਵੀ ਹੈ, ਕਿ ਕਈ ਕਿਸਾਨ ਸਾਥੀ ਸਾਨੂੰ ਛੱਡ ਕੇ ਚਲੇ ਗਏ। ਪਰ ਉਹ ਹੁਣ ਅਮਰ ਹੋ ਚੁੱਕੇ ਨੇ। ਕਿਸਾਨਾਂ ਨੇ ਕਿਹਾ ਕਿ ਹੁਣ ਉਹ ਦਿੱਲੀ ਫ਼ਤਹਿ ਕਰ ਆਏ ਨੇ ਤੇ ਹੁਣ ਪੰਜਾਬ ਦੀ ਵਾਰੀ ਹੈ। ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਦਾਅਵੇ ਵਾਅਦੇ ਕਰ ਰਹੇ ਸਿਆਸਤ ਦਾਨਾਂ ਨੂੰ ਹੁਣ ਸਵਾਲ ਕਰਨਗੇ। ਉਨ੍ਹਾਂ ਦੇ ਹੁਣ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣਗੇ।
ਇਹ ਵੀ ਪੜ੍ਹੋ: ਗਾਜ਼ੀਪੁਰ ਬਾਰਡਰ 'ਤੇ ਜਸ਼ਨ, ਘਰ ਵਾਪਸੀ 'ਤੇ ਕਿਸਾਨਾਂ ਨੇ ਵੰਡੀ ਮਠਿਆਈ