ਲੁਧਿਆਣਾ: ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਦੇ ਵਿਰੁੱਧ ਰੋਸ ਜਤਾਇਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਲੁਧਿਆਣਾ ਤੇ ਕੁਹਾੜਾ ਤੋਂ ਲੈ ਕੇ ਗਲਾਡਾ ਗਰਾਊਂਡ ਤੱਕ ਇੱਕ ਰੋਸ ਮਾਰਚ ਕੱਢਿਆ। ਇਸ ਵਿੱਚ ਕਿਸਾਨ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਪਹੁੰਚੇ ਅਤੇ ਆਰਡੀਨੈਂਸ ਦਾ ਵਿਰੋਧ ਕੀਤਾ।
ਰੋਸ ਮਾਰਚ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਇਹ ਖੇਤੀ ਆਰਡੀਨੈਂਸ ਕੋਰੋਨਾ ਮਹਾਂਮਾਰੀ ਤੋਂ ਵੀ ਵੱਧ ਉਨ੍ਹਾਂ ਲਈ ਭਿਆਨਕ ਹੈ। ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਦਾ ਰੋਸ ਮਾਰਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ ਹੈ ਕਿਉਂਕਿ ਇਹ ਆਰਡੀਨੈਂਸ ਕਿਸਾਨ ਮਾਰੂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ 'ਚ ਅਜਿਹਾ ਸਿਸਟਮ ਲਾਗੂ ਹੋਇਆ ਹੈ ਉੱਥੇ ਕਿਸਾਨ ਪ੍ਰੇਸ਼ਾਨ ਹਨ, ਖੁਦਕੁਸ਼ੀਆਂ ਕਰ ਰਹੇ ਹਨ। ਬਿਹਾਰ ਦੇ ਵਿੱਚ ਝੋਨਾ, ਕਣਕ ਕਾਰਪੋਰੇਟ ਘਰਾਣੇ ਸਸਤੀਆਂ ਕੀਮਤਾਂ 'ਤੇ ਖਰੀਦ ਰਹੇ ਹਨ।
ਲੱਖੋਵਾਲ ਨੇ ਕਿਹਾ ਕਿ ਇਹ ਮਹਾਂਮਾਰੀ ਤੋਂ ਵੀ ਵੱਧ ਕਿਸਾਨਾਂ ਲਈ ਮਾਰ ਹੈ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਉਹ ਇਹ ਵਿਖਾਉਣ ਆਏ ਹਨ, ਜੇਕਰ ਕਿਸਾਨ ਚਾਹੁਣ ਤਾਂ ਉਹ ਘਰਾਂ ਤੋਂ ਬਾਹਰ ਆ ਸਕਦੇ ਹਨ ਅਤੇ ਧਰਨੇ ਵੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪਹਿਲਾਂ ਹੀ ਕਿਸਾਨੀ ਘਾਟੇ ਵੱਲ ਜਾ ਰਹੀ ਹੈ ਅਤੇ ਹੁਣ ਇਹ ਆਰਡੀਨੈਂਸ ਖੇਤੀ ਨੂੰ ਬਰਬਾਦ ਕਰ ਦੇਣਗੇ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰੈੱਸ ਸੈਕਟਰੀ ਬਲਵਿੰਦਰ ਸਿੰਘ ਕੂਮਕਲਾਂ ਨੇ ਕਿਹਾ ਕਿ ਸਰਕਾਰ ਨੇ ਇੱਕ ਥਾਂ 'ਤੇ ਪੰਜ ਤੋਂ ਵੱਧ ਲੋਕਾਂ ਦੇ ਇੱਕਠ ਤੋਂ ਮਨਾਹੀ ਕੀਤੀ ਸੀ, ਇਸ ਕਰਕੇ ਉਨ੍ਹਾਂ ਵੱਲੋਂ ਇੱਕ ਟਰੈਕਟਰ ਟਰਾਲੀ 'ਤੇ ਪੰਜ ਤੋਂ ਘੱਟ ਲੋਕਾਂ ਨੂੰ ਹੀ ਬਿਠਾ ਕੇ ਅੱਜ ਦਾ ਇਹ ਰੋਸ ਮਾਰਚ ਕੱਢਿਆ ਹੈ। ਉਨ੍ਹਾਂ ਕਿਹਾ ਕਿ ਜੋ ਮੰਡੀਕਰਨ ਨੂੰ ਬੰਦ ਕਰਨ ਦੀ ਕੇਂਦਰ ਸਾਜ਼ਿਸ਼ ਰਚ ਰਿਹਾ ਹੈ ਉਸ ਦੇ ਖਿਲਾਫ਼ ਕਿਸਾਨਾਂ ਦਾ ਹੀ ਰੋਸ ਮਾਰਚ ਹੈ।