ਲੁਧਿਆਣਾ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਵੱਖ-ਵੱਖ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉੱਥੇ ਹੀ ਈਕੋ ਸਿੱਖ ਸੰਸਥਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ 10 ਲੱਖ ਦਰੱਖ਼ਤ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਵੱਲੋਂ ਇਹ ਰੁੱਖ ਜਾਪਾਨ ਦੀ ਖ਼ਾਸ ਤਕਨੀਕ 'ਮੀਆਂਮਾਕੀ' ਦੇ ਤਹਿਤ ਲਾਏ ਜਾ ਰਹੇ ਹਨ ਜਿਸ ਵਿੱਚ 160 ਸਕੁਏਅਰ ਮੀਟਰ ਥਾਂ ਵਿੱਚ ਹੀ 550 ਦਰੱਖ਼ਤ ਲਾਏ ਜਾ ਸਕਦੇ ਹਨ।
ਈਕੋ ਸਿੱਖ ਸੰਸਥਾ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਸ਼ੁੱਭ ਕਾਰਜ ਲਈ ਜੋੜਿਆ ਜਾ ਰਿਹਾ ਹੈ ਅਤੇ ਦਰੱਖ਼ਤ ਲਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈਕੋ ਸਿੱਖ ਇੰਡੀਆ ਦੀ ਪ੍ਰੈਜ਼ੀਡੈਂਟ ਸੁਪਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਵੱਧ ਤੋਂ ਵੱਧ ਰੁੱਖ ਲਾਉਣ ਦਾ ਹੈ ਜਿਸ ਨਾਲ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸ਼ੁੱਧ ਬਣਾਇਆ ਜਾ ਸਕੇ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਇਰੈਕਟਰ Afforestt ਸੁਭਿੰਦੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖਾਸ ਤਕਨੀਕ ਦੇ ਰਾਹੀਂ ਇਹ ਰੁੱਖ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਵਿੱਚ ਪੰਛੀ ਵੀ ਵੱਡੀ ਤਦਾਦ ਚ ਆ ਕੇ ਆਪਣਾ ਘਰ ਵਸਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਦੇਸ਼ ਨੂੰ ਹਰਾ ਭਰਿਆ ਕਰਨਾ ਹੈ ਕਿਉਂਕਿ ਵੱਡੀ ਤਦਾਦ 'ਚ ਅਸੀਂ ਜੰਗਲ ਕੱਟ ਚੁੱਕੇ ਹਾਂ ਅਤੇ ਹੁਣ ਮੁੜ ਤੋਂ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਲਈ ਰੁੱਖ ਵੱਧ ਤੋਂ ਵੱਧ ਲਾਉਣ ਦੀ ਲੋੜ ਹੈ।