ਲੁਧਿਆਣਾ: ਦੇਸ਼ ਭਰ 'ਚ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਗਿਆ ਹੈ, ਅਜਿਹੇ 'ਚ ਗੁਰਦੁਆਰਾ ਸਾਹਿਬਾਨਾਂ ਚ ਪ੍ਰਸ਼ਾਦ ਲੰਗਰ ਅਤੇ ਮਾਸਕ ਨੂੰ ਲੈ ਕੇ ਐੱਸਜੀਪੀਸੀ ਅਤੇ ਸਰਕਾਰ ਦੇ ਵਿੱਚ ਸਹਿਮਤੀ ਨਹੀਂ ਬਣ ਪਾ ਰਹੀ ਹੈ।
ਸਰਕਾਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਧਾਰਮਿਕ ਸਥਾਨਾਂ 'ਚ ਪ੍ਰਸ਼ਾਦ ਨਹੀਂ ਵੰਡੇ ਜਾਣਗੇ ਪਰ ਐੱਸਜੀਪੀਸੀ ਨੇ ਸਰਕਾਰ ਦੇ ਇਸ ਹੁਕਮ 'ਚ ਅਸਹਿਮਤੀ ਜਤਾਈ ਹੈ। ਐੱਸਜੀਪੀਸੀ ਮੁਤਾਬਕ ਪ੍ਰਸ਼ਾਦ ਗੁਰਦੁਆਰਾ ਸਾਹਿਬ ਦਾ ਇੱਕ ਸਭ ਤੋਂ ਜ਼ਰੂਰੀ ਅੰਗ ਹੈ ਤੇ ਇਸ ਤੋਂ ਬਿਨ੍ਹਾਂ ਗੁਰਦੁਆਰਾ ਸਾਹਿਬ ਨਹੀਂ ਖੋਲ੍ਹੇ ਜਾਣਗੇ।
ਦੂਜੇ ਪਾਸੇ ਗੁਰਦੁਆਰਾ ਸਾਹਿਬ 'ਚ ਨਾ ਤਾਂ ਪ੍ਰਸ਼ਾਦ ਦੀ ਵੰਡ ਹੋਣੀ ਬੰਦ ਹੋਈ ਹੈ ਤੇ ਨਾ ਹੀ ਸ਼ਰਧਾਲੂਆਂ ਵੱਲੋਂ ਅੰਦਰ ਮਾਸਕ ਪਾਏ ਜਾ ਰਹੇ ਹਨ। ਹਾਲਾਂਕਿ ਜਿਥੇ ਪ੍ਰਸ਼ਾਦ ਪਹਿਲਾ ਹੱਥਾਂ ਨਾਲ ਦਿੱਤਾ ਜਾਂਦਾ ਸੀ ਹੁਣ ਉਹ ਕੜਸ਼ੀ ਨਾਲ ਵੰਡਿਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਸੰਗਤ ਇਹ ਕਹਿੰਦੀ ਵਿਖਾਈ ਦਿੱਤੀ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਪਰ ਜੋ ਲੋਕ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਦੀ ਗੱਲ ਕਹਿ ਰਹੇ ਹਨ, ਉਹ ਖੁਦ ਬਿਨ੍ਹਾਂ ਮਾਸਕ ਤੋਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਪੁੱਜੇ ਹੋਏ ਸਨ।