ਲੁਧਿਆਣਾ: ਪੀਆਰਟੀਸੀ (PRTC), ਪਨਬੱਸ (PUNBUS)ਅਤੇ ਰੋਡਵੇਜ਼ (ROADWAYS) ਦੇ ਕੰਟਰੈਕਟ ਵਰਕਰਾਂ ਨੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ 29 ਨਵੰਬਰ ਨੂੰ ਹੋਣ ਜਾ ਰਹੀ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਜੋਰਦਾਰ ਮੰਗ ਕੀਤੀ ਹੈ। ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ 30 ਤਰੀਕ ਤੋਂ ਪੱਕੀ ਹੜਤਾਲ ਹੋਵੇਗੀ, ਅਤੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਵਿਚ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ (Govt to face the music)।
ਭਰੋਸੇ ਦੇ ਬਾਵਜੂਦ ਨਹੀਂ ਹੋਈਆਂ ਮੰਗਾਂ ਪੂਰੀਆਂ
ਪੀਆਰਟੀਸੀ ਪਨਬਸ ਅਤੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਬੇਸ਼ੱਕ ਪੰਜਾਬ ਵਿੱਚ ਨਵੇਂ ਬਣੇ ਟਰਾਂਸਪੋਰਟ ਮੰਤਰੀ ਵੱਲੋਂ ਉਨ੍ਹਾਂ ਨੂੰ ਵਾਰ ਵਾਰ ਭਰੋਸਾ ਦਿੱਤਾ ਗਿਆ ਹੈ ਅਤੇ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਕੰਟਰੈਕਟ ਵਰਕਰਾਂ ਵੱਲੋਂ ਅੱਜ ਫੇਰ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਰੈਲੀ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਟਰਾਂਸਪੋਰਟ ਮੰਤਰੀ ਨੇ ਦਿੱਤਾ ਸੀ ਭਰੋਸਾ
ਇਸ ਮੌਕੇ ਬੋਲਦਿਆਂ ਪਨਬਸ ਅਤੇ ਰੋਡਵੇਜ਼ ਅਤੇ ਕੰਟਰੈਕਟ ਵਰਕਰਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਵੱਲੋਂ ਭਰੋਸਾ ਦੇਣ ਤੇ ਉਨ੍ਹਾਂ ਨੇ ਹੜਤਾਲ ਮੁਲਤਵੀ ਕਰ ਦਿੱਤੀ ਸੀ ਟਰਾਂਸਪੋਰਟ ਮੰਤਰੀ ਵੱਲੋਂ ਕੈਬਨਿਟ ਮੀਟਿੰਗ ਤੱਕ ਦਾ ਸਮਾਂ ਮੰਗਿਆ ਗਿਆ ਸੀ ਅਤੇ ਉਹ ਸਰਕਾਰ ਨੂੰ ਯਾਦ ਕਰਵਾਉਣ ਵਾਸਤੇ ਅੱਜ ਦੀ ਰੈਲੀ ਕਰ ਰਹੇ ਹਨ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 30 ਤਰੀਕ ਨੂੰ ਪੱਕੀ ਹੜਤਾਲ ’ਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ।
ਅੱਜ ਵੀ ਮੁਲਾਜਮ ਹੜਤਾਲ ਲਈ ਮਜਬੂਰ
ਜਿਕਰਯੋਗ ਹੈ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amrinder Singh Raja Waring) ਨੇ ਪਿਛਲੇ ਦਿਨੀਂ ਬੱਸ ਅੱਡਿਆਂ ਦੀ ਚੈਕਿੰਗ ਦੀ ਮੁਹਿੰਮ ਵਿੱਢੀ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਰੋਡਵੇਜ, ਪੀਆਰਟੀਸੀ ਤੇ ਪਨਬਸ ਮੁਲਾਜਮਾਂ ਨਾਲ ਮੁਲਾਕਾਤ ਵੀ ਕੀਤੀ ਸੀ। ਉਨ੍ਹਾਂ ਕਈ ਥਾਵਾਂ ’ਤੇ ਇਨ੍ਹਾਂ ਮੁਲਾਜਮਾਂ ਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦਿਆਂ ਉਨ੍ਹਾਂ ਦੀਆਂ ਮੰਗਾਂ ’ਤੇ ਢੁੱਕਵਾਂ ਫੈਸਲਾ ਲੈਣ ਦੀ ਹਾਮੀ ਵੀ ਭਰੀ ਸੀ। ਇਸ ਦੇ ਬਾਵਜੂਦ ਅੱਜ ਵੀ ਮੁਲਾਜਮ ਹੜਤਾਲ ਕਰਨ ਲਈ ਮਜਬੂਰ ਹਨ ਤੇ ਇਸੇ ਸਿਲਸਿਲੇ ਵਿੱਚ ਹੁਣ ਲੁਧਿਆਣਾ ਵਿਖੇ ਮੁਲਾਜਮਾਂ ਨੇ ਗੇਟ ਰੈਲੀ ਕਰਕੇ ਸਰਕਾਰ ਨੂੰ ਉਨ੍ਹਾਂ ਦੇ ਵਾਅਦਿਆਂ ਦੀ ਯਾਦ ਦਿਵਾਈ ਹੈ।
ਇਹ ਵੀ ਪੜ੍ਹੋ:CM ਕੇਜਰੀਵਾਲ ਦੀ ਅਧਿਆਪਕਾਂ ਨਾਲ ਮੁਲਾਕਾਤ, ਕਿਹਾ-ਸਾਨੂੰ ਦਿਓ ਮੌਕਾ