ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਬੈਂਸ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਬੀਤੇ ਦਿਨੀਂ ਹੋਏ ਹਮਲੇ ਬਾਰੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਲਈ ਜ਼ਿੰਮੇਵਾਰੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਿੱਟੂ ਦੇ ਇਸ ਬਿਆਨ ਰਾਹੀਂ ਅਤੇ ਭਾਜਪਾ ਦੇ ਪੁਤਲੇ ਫੂਕਣ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਰਵਨੀਤ ਬਿੱਟੂ ਅਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਚੱਲ ਰਹੀ ਬਿਆਨਬਾਜ਼ੀ 'ਤੇ ਵੀ ਸਿਮਰਜੀਤ ਬੈਂਸ ਨੇ ਕਿਹਾ ਕਿ ਰਵਨੀਤ ਬਿੱਟੂ ਇੱਕ ਵਾਰ ਆਜ਼ਾਦ ਚੋਣ ਲੜ ਕੇ ਵੇਖਣ ਉਨ੍ਹਾਂ ਦੀ ਜਮਾਨਤ ਜਬਤ ਹੋ ਜਾਵੇਗੀ। ੳਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਦਮ 'ਤੇ ਵੀ ਚੋਣ ਲੜ ਸਕਦੇ ਹਨ।
ਸੂਬੇ ਵਿੱਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਨੂੰ ਸਿਮਰਜੀਤ ਬੈਂਸ ਨੇ ਇੱਕ ਸਿਆਸੀ ਸਟੰਟ ਦੱਸਦਿਆਂ ਕਿਹਾ ਕਿ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।