ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਨੂੰ ਕੈਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਅਜਿਹਾ ਹੀ ਵੇਖਣ ਨੂੰ ਮਿਲਿਆ ਜਦੋਂ ਬੀਤੇ ਦਿਨ ਸੰਸਦ ਦੇ ਬਾਹਰ ਕਾਂਗਰਸੀ ਤੇ ਸ਼੍ਰੋੇਮਣੀ ਅਕਾਲੀ ਦਲ ਦੇ ਸਾਂਸਦ ਹਰਸਿਮਰਤ ਕੌਰ ਬਾਦਲ ਅਤੇ ਰਵਨੀਤ ਬਿੱਟੂ ਦੋਵੇਂ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਸੰਸਦ ਦੇ ਬਾਹਰ ਜਮ ਕੇ ਹੰਗਾਮਾ ਹੋਇਆ ਹੈ। ਦੋਵੇਂ ਹੀ ਪਾਰਟੀਆਂ ਵੱਲੋਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਮੁੱਦੇ ਨੂੰ ਲੈ ਕੇ ਦੋਹਾਂ ਪਾਰਟੀਆਂ ਦੇ ਮੈਂਬਰ ਵੀ ਆਪਣੇ ਸੰਸਦ ਮੈਂਬਰਾਂ ਦੇ ਹੱਕ ਵਿੱਚ ਨਿੱਤਰਦੇ ਹੋਏ ਨਜ਼ਰ ਆਏ। ਦੋਹਾਂ ਪਾਰਟੀਆਂ ਦੇ ਆਗੂਆਂ ਨੇ ਇੱਕ ਦੂਜੇ 'ਤੇ ਕਿਸਾਨਾਂ ਦੇ ,ਸਮਰਥਨ ਦੇ ਨਾਂਅ 'ਤੇ ਵੋਟ ਬੈਂਕ ਬਣਾਉਣ ਦੇ ਦੋਸ਼ ਲਾਏ।
ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਰਵਨੀਤ ਸਿੰਘ ਬਿੱਟੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਔਰਤਾਂ ਦੀ ਇੱਜ਼ਤ ਨਹੀਂ ਕਰਦੀ। ਉਨ੍ਹਾਂ ਨੇ ਸਾਫ ਕਿਹਾ ਕਿ ਰਵਨੀਤ ਬਿੱਟੂ ਸਿਆਸੀ ਲਾਹਾ ਲੈਣ ਲਈ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ ਹੈ। ਕਿਉਂਕਿ ਅਕਾਲੀ ਦਲ ਨੇ ਇਨ੍ਹਾਂ ਕਾਨੂੰਨਾਂ ਦਾ ਪਹਿਲਾਂ ਸਮਰਥਨ ਕੀਤਾ ਸੀ ਅਤੇ ਹੁਣ ਲੋਕਾਂ ਤੇ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਉਨ੍ਹਾਂ ਨੇ ਆਪਣਾ ਪਾਸਾ ਬਦਲ ਲਿਆ ਹੈ। ਅਕਾਲੀ ਦਲ ਵੱਲੋਂ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਕੀਤਾ ਜਾ ਰਿਹਾ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਪਾਰਟੀ ਨੇ ਦੋਵੇਂ ਹੀ ਪਾਰਟੀਆਂ ਨੂੰ ਆੜੇ ਹੱਥੀ ਲਿਆ ਹੈ। ਇਸ ਮੌਕੇ ਲੁਧਿਆਣਾ ਪੁੱਜੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲਿਆ ਨੇ ਕਿਹਾ ਕਿ ਖੇਤੀ ਕਾਨੂੰਨ ਦੀ ਸਭ ਤੋਂ ਪਹਿਲਾਂ ਵਕਾਲਤ ਕਾਂਗਰਸ ਨੇ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ 'ਤੇ ਹੀ ਕੀਤੀ ਸੀ। ਉਹ ਖੇਤੀ ਕਾਨੂੰਨਾਂ ਦਾ ਸ਼ੁਰੂਆਤ ਤੋਂ ਹੀ ਸਮਰਥਨ ਕਰ ਰਹੇ ਸਨ। ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਇਹ ਦੋਵੇਂ ਹੀ ਪਾਰਟੀਆਂ ਮਹਿਜ਼ ਸਿਆਸੀ ਫਾਇਦੇ ਲਈ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਲਾੜੀ ਬਣੀ ਹਿਮਾਂਸ਼ੀ ਖੁਰਾਨਾ, ਵੀਡੀਓ ਹੋਈ ਵਾਇਰਲ