ਲੁਧਿਆਣਾ: ਸਥਾਨਕ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਬਿਆਨਾਂ ਦੀ ਬੌਛਾਰ ਸ਼ੁਰੂ ਹੋ ਗਈ ਹੈ। ਜਿੱਥੇ ਕਾਂਗਰਸ ਦੇ ਜ਼ਿਲ੍ਹੇ ਪ੍ਰਧਾਨ ਨੇ ਇਸਦੀ ਸਖ਼ਤ ਸ਼ਬਦਾਂ 'ਚ ਇਸਦੀ ਨਿਖੇਧੀ ਕੀਤੀ ਹੈ, ਉੱਥੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਾ ਕਹਿਣਾ ਹੈ ਕਿ ਉਹ ਕਿਸਾਨੀ ਅੰਦੋਲਨ ਦਾ ਲਾਹਾ ਲੈਣ ਗਏ ਸੀ।
ਇਹ ਕਿਸਾਨ ਨਹੀਂ ਕਰ ਸਕਦੇ: ਕਾਂਗਰਸ ਜ਼ਿਲ੍ਹਾ ਪ੍ਰਧਾਨ
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਇਹ ਘਟਨਾ ਨਿੰਦਨਯੋਗ ਤੇ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੋਕ ਕਿਸਾਨ ਨਹੀਂ ਹੋ ਸਕਦੇ, ਇਸ ਗੱਲ ਦਾ ਉਨ੍ਹਾਂ ਨੂੰ ਪੂਰਾ ਯਕੀਨ ਹੈ, ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ। ਉਨ੍ਹਾਂ ਨਾਲ ਇਹ ਕਿਹਾ ਕਿ ਉਹ ਵੀ ਕਿਸਾਨਾਂ ਦੇ ਪੋਹ ਦੀ ਸਰਦ ਰਾਤਾਂ ਉੱਥੇ ਕੱਟ ਰਹੇ ਹਨ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਿਸਾਨ ਕਾਂਗਰਸ ਦੇ ਖਿਲਾਫ: ਗੁਰਦੀਪ ਗੋਸ਼ਾ
ਦੂਜੇ ਪਾਸੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਜੋ ਕੁੱਝ ਵੀ ਹੋਇਆ ਉਹ ਉਸ ਦਾ ਸਮਰਥਨ ਨਹੀਂ ਕਰਦੇ ਪਰ ਕਾਂਗਰਸ ਦੇ ਲੀਡਰਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਇਸ ਵੇਲੇ ਕਿਸਾਨਾਂ ਦੀ ਮਾਨਸਿਕਤਾ ਕੀ ਹੈ, ਉਹ ਕੈਪਟਨ ਸਰਕਾਰ ਦੇ ਨਾਲ ਨਹੀਂ ਹੈ ਸਗੋਂ ਆਪਣਾ ਸੰਘਰਸ਼ ਇਕੱਲੇ ਹੀ ਰਹਿ ਕੇ ਚੱਲਣਾ ਚਾਹੁੰਦੇ ਹਨ ਸਿਆਸੀਕਰਨ ਨਹੀਂ ਚਾਹੁੰਦੇ।