ਲੁਧਿਆਣਾ: ਏਐੱਸਆਈ ਤੇ ਰਾਹਗੀਰ ਵਿਚਾਲੇ ਝੜਪ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਭਾਰਤ ਨਗਰ ਚੌਕ 'ਚ ਤੈਨਾਤ ਏਐੱਸਆਈ ਨੇ ਇੱਕ ਬਾਈਕ ਸਵਾਰ ਦਾ ਚਲਾਨ ਕੱਟਣ ਲਈ ਉਸ ਨੂੰ ਰੋਕਿਆ। ਇਸ ਦੌਰਾਨ ਉਨ੍ਹਾਂ ਦੋਹਾਂ ਦੀ ਬਹਿਸ ਤੋਂ ਬਾਅਦ ਝੜਪ ਹੋ ਗਈ। ਇਸ ਝੜਪ 'ਚ ਰਾਹਗੀਰ ਨੇ ਏਐੱਸਆਈ ਦੀ ਵਰਦੀ ਫਾੜ ਦਿੱਤੀ। ਜਦੋਂ ਕਿ ਦੂਜੇ ਪਾਸੇ ਬਾਈਕ ਸਵਾਰ ਪਤੀ-ਪਤਨੀ ਨੇ ਪੁਲਿਸ 'ਤੇ ਹੀ ਉਸ ਨਾਲ ਬਦਸਲੂਕੀ ਦੇ ਇਲਜ਼ਾਮ ਲਗਾਏ ਹਨ।
ਏਐੱਸਆਈ ਪੁਨੀਤ ਕੁਮਾਰ ਨੇ ਦੱਸਿਆ ਕਿ ਉਹ ਭਾਰਤ ਨਗਰ ਚੌਕ 'ਚ ਤੈਨਾਤ ਸੀ ਇਸ ਦੌਰਾਨ ਉਸ ਨੇ ਬਿਨ੍ਹਾਂ ਹੈਲਮੇਟ ਦੇ ਇੱਕ ਬਾਈਕ ਸਵਾਰ ਨੂੰ ਜਦੋਂ ਰੋਕਿਆ ਤਾਂ ਉਹ ਉਸ ਨਾਲ ਬਹਿਸ ਕਰਨ ਲੱਗਾ। ਪੁਨੀਤ ਨੇ ਦੱਸਿਆ ਕਿ ਬਹਿਸ ਤੋਂ ਬਾਅਦ ਬਾਈਕ ਸਵਾਰ ਉਸ ਨਾਲ ਹੱਥੋਪਾਈ 'ਤੇ ਉਤਰ ਆਇਆ ਅਤੇ ਇਸ ਦੌਰਾਨ ਉਸ ਦੀ ਵਰਦੀ ਫਟ ਗਈ। ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਵਰਦੀ ਨੂੰ ਵੀ ਹੱਥ ਪਾਉਣ ਲੱਗੇ ਹਨ।
ਦੂਜੇ ਪਾਸੇ ਬਾਈਕ ਸਵਾਰ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਉਸ 'ਤੇ ਦੁਰਵਿਵਹਾਰ ਦਾ ਚਲਾਨ ਪਾਇਆ ਤਾਂ ਉਸ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ਦੌਰਾਨ ਏਐੱਸਆਈ ਨਾਲ ਉਸਦੀ ਹੱਥੋਪਾਈ ਹੋ ਗਈ।
ਏਐੱਸਆਈ ਬਾਈਕ ਸਵਾਰ 'ਤੇ ਉਸਦੀ ਵਰਦੀ ਫਾੜਨ ਦੇ ਇਲਜ਼ਾਮ ਲਾ ਰਿਹੈ, ਉੱਥੇ ਹੀ ਬਾਈਕ ਸਵਾਰ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਬਿਨ੍ਹਾਂ ਵਜ੍ਹਾ ਚਲਾਣ ਵੀ ਕੱਟਿਆ ਗਿਆ।