ਚੰਡੀਗੜ੍ਹ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਮੁੱਲਾਂਪੁਰ ਦਾਖਾ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਜਿੱਤ ਹਾਸਲ ਕੀਤੀ ਹੈ। ਮਨਪ੍ਰੀਤ ਸਿੰਘ ਇਯਾਲੀ 14672 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਯਾਲੀ ਨੇ ਕਾਂਗਰਸ ਉਮੀਦਵਾਰ ਸੰਦੀਪ ਸਿੰਘ ਸੰਧੂ ਨੂੰ ਹਰਾਇਆ ਹੈ। ਇਯਾਲੀ ਦੀ ਜਿੱਤ ਤੋਂ ਬਾਅਦ ਭਾਜਪਾ ਵਰਕਰਾਂ 'ਚ ਖੁਸ਼ੀ ਦਾ ਮਾਹੌਲ ਹੈ। ਦਾਖ਼ਾ ਵਾਸੀ ਢੋਲ ਨਗਾੜਿਆਂ ਨਾਲ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਜ਼ਿਕਰੈ ਖ਼ਾਸ ਹੈ ਕਿ ਪੰਜਾਬ ਦੀ 4 ਸੀਟਾਂ 'ਤੇ ਜ਼ਿਮਨੀ ਚੋਣਾਂ ਹੋਇਆ ਸਨ, ਜਿਸ 'ਚ ਇਕਲੌਤੀ ਦਾਖ਼ਾ ਸੀਟ ਤੋਂ ਹੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ।
ਵੀਰਵਾਰ ਸਵੇਰ ਤੋਂ ਹੀ ਵੋਟਾਂ ਦੀ ਗਿਣਤੀ 'ਚ ਮਨਪ੍ਰੀਤ ਇਯਾਲੀ ਅੱਗੇ ਚੱਲ ਰਹੇ ਸਨ। ਇਯਾਲੀ ਨੇ ਕਾਂਗਰਸ ਦੇ ਸੰਦੀਪ ਸਿੰਘ ਸੰਧੂ, ਆਪ ਉਮੀਦਵਾਰ ਅਮਨਦੀਪ ਸਿੰਘ ਮੋਹੀ, ਅਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਸੁਖਦੇਵ ਸਿੰਘ ਚੱਕ ਨੂੰ ਹਰਾ ਕੇ ਇਹ ਵੱਡੀ ਜਿੱਤ ਹਾਸਲ ਕੀਤੀ ਹੈ।
ਇਸ ਤੋਂ ਪਹਿਲਾ ਇਯਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਖ਼ਾ ਵਾਸੀਆਂ ਦਾ ਧੰਨਵਾਦ ਕੀਤਾ। ਕਾਊਂਟਿੰਗ ਸੈਂਟਰ ਤੋਂ ਮਨਪ੍ਰੀਤ ਇਯਾਲੀ ਨੇ ਬਾਹਰ ਆ ਕੇ ਕਿਹਾ ਕਿ ਇਹ ਸੱਚ ਦੀ ਜਿੱਤ ਹੋ ਰਹੀ ਹੈ, ਹਾਲਾਂਕਿ ਹਜੇ ਨਤੀਜੇ ਪੂਰੀ ਤਰ੍ਹਾਂ ਨਹੀਂ ਐਲਾਨੇ ਗਏ, ਪਰ ਮਨਪ੍ਰੀਤ ਇਯਾਲੀ ਨੂੰ ਸ਼ੁਰੂ ਤੋਂ ਹੀ ਵੱਡੀ ਲੀਡ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸੰਧੂ ਨੇ ਜੋ ਧੱਕੇਸ਼ਾਹੀ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਸੀ, ਉਹ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਗਈ ਹੈ।